ਲੁਧਿਆਣਾ, 17 ਮਈ(ਜਤਿੰਦਰ ਭੰਬੀ)-ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਪਹਿਲਵਾਨ ਨੇ ਰਾਹੋਂ ਰੋਡ ਦੇ ਨਾਂਅ ਨਾਲ ਜਾਣੀ ਜਾਂਦੀ ਸੜਕ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਇਸ ਸੜਕ ਨੂੰ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਸੜਕ 'ਤੇ ਸਥਿਤ ਪਿੰਡਾਂ ਦੇ ਲੋਕਾਂ ਅਤੇ ਦੁਕਾਨਦਾਰਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਸਰਕਾਰ ਨੂੰ ਚਾਹੀਦਾ ਕਿ ਰਾਹੋਂ ਰੋਡ ਨੂੰ ਪਹਿਲ ਦੇ ਅਧਾਰ 'ਤੇ ਬਣਾ ਕੇ ਲੋਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਦਾ ਹੱਲ ਕੀਤਾ ਜਾਵੇੇ | ਉਨ੍ਹਾਂ ਕਿਹਾ ਕਿ ਇਸ ਸੜਕ 'ਤੇ ਵੱਡੀਆਂ ਵੱਡੀਆਂ ਹੌਜ਼ਰੀ ਦੀਆਂ ਫੈਕਟਰੀਆਂ ਹੋਣ ਕਰਕੇ ਬਹੁਗਿਣਤੀ ਮਹਿਲਾਵਾਂ ਅਤੇ ਪ੍ਰਵਾਸੀ ਭਾਈਚਾਰਾ ਕੰਮ ਕਰਦਾ ਜਿਥੇ ਉਨ੍ਹਾਂ ਨੂੰ ਆਪਣੇ ਕੰਮ 'ਤੇ ਜਾਣ ਲਈ ਕਈ ਕਿਸਮ ਦੀਆਂ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ, ਉਥੇ ਹੀ ਇਸ ਸੜਕ ਤੇ ਪਿੰਡਾਂ ਦੇ ਲੋਕਾਂ ਅਤੇ ਆਮ ਰਹਗੀਰਾਂ ਨੂੰ ਵੀ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਏ ਦਿਨ ਧਰਨੇ ਮੁਜ਼ਾਹਰੇ ਲਗਾ ਕੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਘੂਕ ਸੱਤੀ ਪਈ ਸਰਕਾਰ ਜਾਗਣ ਦਾ ਨਾਮ ਨਹੀਂ ਲੈ ਰਹੀ | ਉਨ੍ਹਾਂ ਕਿਹਾ ਕਿ ਸੂਬੇ ਦੀ ਆਪ ਸਰਕਾਰ ਦੇ ਕਾਰਜਕਾਲ ਵਿਚ ਧਰਨੇ ਮੁਜ਼ਾਹਰੇ ਇਕ ਆਮ ਜਿਹੀ ਗੱਲ ਬਣ ਕੇ ਰਹਿ ਗਈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਾਰ ਲੈਣ ਨੂੰ ਤਿਆਰ ਨਹੀਂ ਹੈ | ਉਨ੍ਹਾਂ ਕਿਹਾ ਕਿ ਵੱਡੀਆਂ ਵੱਡੀਆਂ ਢੀਂਗਾ ਮਾਰਨ ਵਾਲੀ 'ਆਪ' ਸਰਕਾਰ ਸੂਬੇ ਦੀਆਂ ਸੜਕਾਂ ਨੂੰ ਸੜਕਾਂ ਦਾ ਰੂਪ ਦੇਣ ਵਿਚ ਫੇਲ੍ਹ ਸਾਬਤ ਹੋਈ ਹੈ, ਜਿਸ ਦਾ ਨਤੀਜਾ ਇਹ ਹੈ ਕਿ ਪੰਜਾਬ ਭਰ ਦੀਆਂ ਸੜਕਾਂ ਦੀ ਖਸਤਾ ਹਾਲਤ ਤੋਂ ਸੂਬੇ ਦੇ ਲੋਕ ਦੁਖੀ ਹਨ ਅਤੇ ਸਰਕਾਰ ਵਿਕਾਸ ਕਰਵਾਉਣ ਵਿਚ ਫੇਲ੍ਹ ਸਾਬਤ ਹੋਈ ਹੈੇ |