ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ
ਅਜੀਤ ਡੈਸਕ
08-06-2026
ਲੁਧਿਆਣਾ, 7 ਜੂਨ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਹੋਇਆ | ਸਮਾਗਮ ਦੀ ਅਰੰਭਤਾ ਟਕਸਾਲ ਦੇ ਹੋਣਹਾਰ ਿਵਿਦਆਰਥੀਆਂ ਵਲੋਂ ਗਾਇਨ ਸ਼ਬਦਾਂ ਨਾਲ ਹੋਈ | ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਗੱਲ ਕਰਦਿਆਂ ਸਮਝਾਇਆ ਕਿ ਇਹ ਮਨੁੱਖੀ ਸਰੀਰ ਦਾ ਹਿੱਸਾ ਵੀ ਹਨ | ਇਹ ਪੰਜੇ ਪ੍ਰਭੂ ਦੀ ਦਾਤ ਵੀ ਹਨ | ਜਿਵੇਂ ਭੋਜਨ ਸਾਡੇ ਸਰੀਰ ਦੀ ਤੰਦਰੁਸਤੀ ਲਈ ਜ਼ਰੂਰੀ ਹੈ, ਪ੍ਰੰਤੂ ਜੇ ਭੋਜਨ ਦਾ ਸੰਤੁਲਨ ਨਾ ਰਹੇ ਅਤੇ ਲੋੜ ਤੋਂ ਵਧੇਰੇ ਘੱਟ ਜਾਂ ਵੱਧ ਹੋ ਜਾਵੇ ਤਾਂ ਸਰੀਰ ਰੋਗੀ ਹੋ ਕੇ ਜਰਜਰਾ ਹੋ ਜਾਵੇਗਾ | ਇਵੇਂ ਹੀ ਇਹ ਪੰਜ ਤੱਤ ਹਨ ਅਤੇ ਪੰਜ ਸ਼ਕਤੀਆਂ ਦਾ ਸੰਤੁਲਨ ਸਾਡੇ ਜੀਵਨ ਦੀ ਸਫਲਤਾ ਲਈ ਜਰੂਰੀ ਹੈ ਇਸ ਦੀ ਸੋਝੀ ਹੋਣੀ ਵੀ ਜਰੂਰੀ ਹੈ | ਮਹਾਂਪੁਰਸ਼ਾਂ ਨੇ ਗੁਰਬਾਣੀ ਦੇ ਹਵਾਲਿਆਂ ਨਾਲ ''ਹਉਮੈU ਬਾਰੇ ਭਾਵ ਸਮਝਾਉਂਦਿਆਂ ਕਿਹਾ ਕਿ ਹਉਮੈ ਦੀ ਵਾਸ਼ਨਾ ਕਰਕੇ ਹੀ ਜੀਵਨ ਇਥੇ ਆਇਆ ਅਤੇ ਮੈਂ ਵਿਚ ਹੀ ਇਥੋਂ ਚਲਾ ਜਾਂਦਾ ਹੈ | ਮੈਂ ਜਾਂ ਹਉਂ ਭਾਵ 'ਚ ਹੀ ਮਨੁੱਖ ਚੰਗੇ-ਮੰਦੇ ਕਰਮ ਕਰਦਾ ਹੈ | ਪੁੰਨ-ਦਾਨ ਅਤੇ ਭਲੇ ਕਰਕੇ ਉਸ ਦਾ ਫਲ ਵਾਹ-ਵਾਹ ਪੀ ਲੈਂਦਾ ਹੈ | ਪਰ ਹਉਮੈ ਨੂੰ ਸਮਝਣ ਲਈ ਯਤਨ ਨਹੀਂ ਕਰਦਾ | ਆਪਣੀ ਬੁੱਧੀ ਜਾਂ ਅਕਲ ਨਾਲ ਇਸ ਦੀ ਸਮਝ ਨਹੀਂ ਹੋ ਸਕਦੀ | ਇਸ ਦੀ ਸੂਝ ਅਤੇ ਬੂਝ ਲਈ ਪੂਰੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ-ਗਿਆਨ ਮੰਨਣਾ ਜ਼ਰੂਰੀ ਹੈ |