ਆਲਮਗੀਰ, 9 ਜੂਨ (ਜਰਨੈਲ ਸਿੰਘ ਪੱਟੀ)-ਜੂਨ 1984 ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿਚ ਦਮਦਮੀ ਟਕਸਾਲ ਮਹਿਤਾ ਵਿਖੇ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਕਰਵਾਏ ਗਏ ਸ਼ਹੀਦੀ ਸਮਾਗਮ ਦੌਰਾਨ ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ ਦੇ ਲੁਧਿਆਣਾ ਇਕਾਈ ਪ੍ਰਧਾਨ ਭਾਈ ਲਵਪ੍ਰੀਤ ਸਿੰਘ ਗਿੱਲ ਨੂੰ ਵਿਸ਼ੇਸ਼ ਤੌਰ 'ਤੇ ਸਿਰੋਪਾਓ ਦਿੱਤਾ ਗਿਆ | ਇਸ ਮੌਕੇ ਭਾਈ ਗਿੱਲ ਨੇ ਕਿਹਾ ਕਿ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਅਨੇਕਾਂ ਹੀ ਸਿਰਲੱਥ ਜੋਧਿਆਂ ਨੇ ਆਪਣੀਆਂ ਜਾਨਾਂ ਦਾ ਬਲੀਦਾਨ ਦੇ ਕੇ ਨਾ ਸਿਰਫ਼ ਗੁਰਧਾਮਾਂ ਦੀ ਰੱਖਿਆ ਕੀਤੀ, ਬਲਕਿ ਕੌਮ ਦੀ ਆਜ਼ਾਦੀ ਅਤੇ ਆਤਮ ਗੌਰਵ ਲਈ ਆਪਣੀ ਜ਼ਿੰਦਗੀਆਂ ਦੇ ਦਿੱਤੀਆਂ | ਭਾਈ ਗਿੱਲ ਨੇ ਦੱਸਿਆ ਕਿ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਇਸ ਸਮਾਗਮ ਨੂੰ ਵਿਸ਼ਾਲ ਪੱਧਰ 'ਤੇ ਕਰਵਾਉਂਦੇ ਹੋਏ ਕੌਮ ਦੀ ਏਕਤਾ, ਧਰਮ ਅਤੇ ਸਨਮਾਨ ਦੀ ਚਰਚਾ ਕੀਤੀ, ਜਿਸ ਨੇ ਸਾਡੇ ਕੌਮੀ ਅਸੂਲਾਂ ਨੂੰ ਅੱਜ ਵੀ ਜੀਵੰਤ ਰੱਖਿਆ ਹੈ | ਇਸ ਮੌਕੇ ਭਾਈ ਗਿੱਲ ਨਾਲ ਸੁਰਿੰਦਰਪਾਲ ਸਿੰਘ, ਪਲਵਿੰਦਰਪਾਲ ਸਿੰਘ, ਸਾਹਿਲ ਸਿੰਘ, ਸੁਖਬੀਰ ਸਿੰਘ ਹਾਜ਼ਰ ਸਨ |