ਲੁਧਿਆਣਾ, 10 ਜੂਨ (ਜਤਿੰਦਰ ਭੰਬੀ)-ਸਮਾਲ ਸਕੇਲ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਅਤੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਰੁਣ ਕਪੂਰ ਦੀ ਅਗਵਾਈ ਹੇਠ ਇਕ ਵਫ਼ਦ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅੰਗਦ ਸਿੰਘ ਸੋਹੀ ਨੂੰ ਮਿਲਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਠੁਕਰਾਲ ਨੇ ਦੱਸਿਆ ਕਿ ਮਿਕਸ ਲੈੱਡ ਯੂਜ਼ ਅਤੇ ਰਿਹਾਇਸ਼ੀ ਖੇਤਰ ਵਿਚ ਚੱਲ ਰਹੀ ਇੰਡਸਟਰੀ ਦੀ ਮਿਆਦ ਸਤੰਬਰ 2026 ਵਿਚ ਖ਼ਤਮ ਹੋਣ ਜਾ ਰਹੀ ਹੈ, ਜਿਸ ਕਰਕੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸਹਿਮਤੀ ਦੀ ਮਿਆਦ ਵਧਾਉਣ ਤੋ ਇਨਕਾਰ ਕਰ ਦਿੱਤਾ ਹੈ ਅਤੇ ਇਹ ਸਭ ਕੁੱਝ ਦੇਖਦੇ ਹੋਏ ਇੰਡਸਟਰੀ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ | ਇਸ ਮੌਕੇ ਠੁਕਰਾਲ ਅਤੇ ਕਪੂਰ ਦੀ ਅਗਵਾਈ 'ਚ ਵਫ਼ਦ ਨੇ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਇਲਾਕਿਆਂ ਨੂੰ ਸਨਅਤੀ ਖੇਤਰ ਘੋਸ਼ਿਤ ਕੀਤਾ ਜਾਵੇ ਤਾਂ ਜੋ 72 ਮੁਹੱਲਿਆਂ ਵਿਚ ਚੱਲ ਰਹੇ ਕਾਰਖ਼ਾਨੇਦਾਰਾਂ ਨੂੰ ਆਪਣੇ ਕਾਰੋਬਾਰ ਚਲਾਉਣ ਵਿਚ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਇਸ ਸਮੇਂ ਜਨਰਲ ਮੈਨੇਜਰ ਸੋਹੀ ਨੇ ਵਫ਼ਦ ਨੂੰ ਯਕੀਨ ਦਿਵਾਇਆ ਕਿ ਜਲਦ ਹੀ ਇੰਡਸਟਰੀ ਮੰਤਰੀ ਅਤੇ ਸਰਕਾਰ ਤੱਕ ਉਨ੍ਹਾਂ ਦੀ ਮੰਗ ਨੂੰ ਪਹੁੰਚਾ ਕੇ ਹੱਲ ਕਰਨ ਲਈ ਯਤਨ ਕੀਤੇ ਜਾਣਗੇ | ਇਸ ਸਮੇਂ ਰਜਿੰਦਰ ਸਿੰਘ ਕਲਸੀ, ਹਰਜੀਤ ਸਿੰਘ ਪਨੇਸਰ, ਲਖਵਿੰਦਰ ਸਿੰਘ ਲਾਲੀ ਵੀ ਹਾਜ਼ਰ ਸਨ |