12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਵਾਂਗਾ-ਇਯਾਲੀ

ਅਜੀਤ ਡੈਸਕ 20-06-2026

ਮੁੱਲਾਂਪੁਰ-ਦਾਖਾ, 19 ਜੂਨ (ਨਿਰਮਲ ਸਿੰਘ ਧਾਲੀਵਾਲ)- ਵਿਧਾਨ ਸਭਾ ਦੇ ਪਿਛਲੇ ਸ਼ੈਸ਼ਨ ਦੌਰਾਨ ਪਾਸ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ’ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ, ਦੂਸਰੇ ਸਿੰਘ ਸਾਹਿਬਾਨਾਂ ਵਲੋਂ 29 ਜੂਨ ਨੂੰ ਪੰਜਾਬ ਦੇ ਸਿੱਖ ਵਿਧਾਇਕਾਂ ਅਤੇ ਪੰਜਾਬ ਸਰਕਾਰ ਦੀ ਕੈਬਨਿਟ ਨੂੰ ਤਲਬ ਕਰਨ ਦੇ ਆਦੇਸ਼ਾਂ ਬਾਅਦ ਇਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਵਾਂਗਾ। ਇਹ ਪ੍ਰਗਟਾਵਾ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਕੀਤਾ ਗਿਆ । ਇਯਾਲੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੋਏ ਹਰ ਆਦੇਸ਼ ਦੀ ਉਨ੍ਹਾਂ ਪੂਰੀ ਪਾਲਣਾ ਕੀਤੀ, ਭਵਿੱਖ ਵਿੱਚ ਵੀ ਇਸ ਪਰੰਪਰਾ ਨੂੰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੇ ਸਮੁੱਚੀ ਸਿੱਖ ਕੌਮ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚਾਈ ਸੀ। ਜਿਸ ਕਾਰਨ ਦੇਸ਼-ਵਿਦੇਸ਼ ਦੀਆਂ ਸੰਗਤਾਂ ਲੰਮੇ ਸਮੇਂ ਤੋਂ ਇਕ ਸਖ਼ਤ ਕਾਨੂੰਨ ਦੀ ਮੰਗ ਕਰ ਰਹੀਆਂ ਸਨ। ਇਯਾਲੀ ਨੇ ਕਿਹਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਕਾਨੂੰਨ ਵਿਧਾਨ ਸਭਾ ਵਿਚ ਲਿਆਂਦਾ ਗਿਆ ਤਾਂ ਉਸ ਵੇਲੇ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਸ ਸਬੰਧੀ ਕੋਈ ਆਦੇਸ਼ ਜਾਰੀ ਕੀਤਾ ਗਿਆ, ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਸੁਝਾਅ ਜਾਂ ਇਤਰਾਜ਼ ਸਾਹਮਣੇ ਆਇਆ, ਇਸ ਲਈ ਮੇਰੇ ਸਮੇਤ ਸਮੁੱਚੇ ਸਦਨ ਨੇ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਬਿੱਲ ਦਾ ਸਮਰਥਨ ਕੀਤਾ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਵਿੱਚ ਬੋਲਦਿਆਂ ਮੇਰੇ ਵਲੋਂ ਇਹ ਨੁਕਤਾ ਵੀ ਉਠਾਇਆ ਸੀ ਕਿ ਕਿਸੇ ਵੀ ਨਵੇਂ ਕਾਨੂੰਨ ਵਿੱਚ ਕੁਝ ਖ਼ਾਮੀਆਂ ਰਹਿ ਸਕਦੀਆਂ ਹਨ, ਇਸ ਲਈ ਲੋੜ ਪੈਣ ‘ਤੇ ਸੋਧਾਂ ਕਰਨ ਦਾ ਰਾਹ ਖੁੱਲ੍ਹਾ ਰੱਖਿਆ ਜਾਣਾ ਚਾਹੀਦਾ ਹੈ, ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਕਿ ਕਾਨੂੰਨ ਦੀ ਕਿਸੇ ਤਰ੍ਹਾਂ ਦੁਰਵਰਤੋਂ ਨਾ ਹੋਵੇ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਆਗੂ ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਇਸ ਮਸਲੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕਿਸੇ ਵੀ ਤਰ੍ਹਾਂ ਦਾ ਟਕਰਾਅ ਨਹੀਂ ਲੈਣਾ ਚਾਹੀਦਾ, ਜੇਕਰ ਸਰਕਾਰ ਆਪਣੇ ਆਪ ਨੂੰ ਸਹੀ ਸਮਝਦੀ ਹੈ ਤਾਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਅਤੇ ਸਬੂਤ ਰੱਖਣੇ ਚਾਹੀਦੇ ਹਨ। ਜੇ ਕੋਈ ਗਲਤੀ ਹੋਈ ਹੈ ਤਾਂ ਮਰਿਯਾਦਾ ਅਨੁਸਾਰ ਜੋ ਵੀ ਫ਼ੈਸਲਾ ਜਾਂ ਧਾਰਮਿਕ ਸਜ਼ਾ ਬਣਦੀ ਹੈ, ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

ਪਿਛਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਤੇਜ਼ ਕਰਨ ਸੰਬੰਧੀ ਜਗਰਾਉਂ ਵਿਖੇ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰੋਂ ਪੁਲਿਸ ਮੁਲਾਜ਼ਮ ਦਾ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।