02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪੰਜਾਬ ਸਰਕਾਰ ਦੁਆਰਾ ਮੁੜ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਨੀਤੀ ਦਾ ਕੀਤਾ ਜਾਵੇਗਾ ਸਖ਼ਤ ਵਿਰੋਧ-ਲੱਖੋਵਾਲ

ਅਜੀਤ ਡੈਸਕ 11-07-2026
ਲੁਧਿਆਣਾ, 10 ਜੁਲਾਈ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਦੇ ਸਰਪ੍ਰਸਤ ਅਵਤਾਰ ਸਿੰਘ ਮੇਹਲੋਂ ਤੇ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਜੋ ਲੈਂਡ ਪੁਲਿੰਗ ਨੀਤੀ ਲਿਆਂਦੀ ਸੀ, ਉਸ ਨੂੰ ਪੰਜਾਬ ਦੇ ਲੋਕਾਂ, ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਤਿੱਖੇ ਵਿਰੋਧ ਕਾਰਨ ਵਾਪਸ ਲੈ ਲਿਆ ਸੀ, ਪਰ ਹੁਣ ਫਿਰ ਉਸੇ ਨੀਤੀ ਨੂੰ ਕੁੱਝ ਸੋਧਾਂ ਕਰਕੇ ਦੁਬਾਰਾ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁੜ ਲਿਆਂਦੀ ਜਾ ਰਹੀ ਨੀਤੀ ਨਾਲ ਕਿਸਾਨਾਂ ਮਜ਼ਦੂਰਾਂ ਦੀ ਰੋਜ਼ੀ-ਰੋਟੀ ਉਨ੍ਹਾਂ ਤੋਂ ਖੋਹੀ ਜਾ ਰਹੀ ਹੈ, ਇਹ ਨੀਤੀ ਕਿਸੇ ਵੀ ਕੀਮਤ ’ਤੇ ਪੰਜਾਬ ਅੰਦਰ ਲਾਗੂ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਨੀਤੀਆਂ ਬਣਾਵੇ, ਨਾ ਕੇ ਉਜਾੜੇ ਦੀਆਂ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਇਹ ਨੀਤੀ ਵਾਪਸ ਲਵੇ, ਨਹੀਂ ਤਾਂ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਤੇ ਪਰਸ਼ੋਤਮ ਸਿੰਘ ਗਿੱਲ ਨੇ ਕਿਹਾ ਦੇਸ਼ ਦੀ ਮੋਦੀ ਸਰਕਾਰ ਅਮਰੀਕਾ ਨਾਲ ਬੀ.ਟੀ.ਏ. ਤੇ ਐਫ.ਟੀ.ਏ. ਵਪਾਰ ਸਮਝੌਤਾ ਕਰਨ ਜਾ ਰਹੀ ਹੈ, ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਇਸ ਨਾਲ ਦੇਸ਼ ਦਾ ਘਰੇਲੂ ਬਾਜ਼ਾਰ ਤੇ ਆਰਥਿਕਤਾ ਤਬਾਹ ਹੋ ਜਾਵੇਗੀ ਤੇ ਦੇਸ਼ ਦੇ ਲੋਕ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਪੰਜਾਬ ਅੰਦਰ ਇਸ ਨੀਤੀ ਦੇ ਵਿਰੋਧ ਵਜੋਂ ਐਸ.ਕੇ.ਐਮ. ਪੰਜਾਬ ਨੇ 22 ਜੁਲਾਈ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬੀ.ਟੀ.ਏ. ਤੇ ਐਫ.ਟੀ.ਏ. ਦੇ ਵਿਰੁੱਧ ਪੰਜਾਬ ਦੇ ਸਾਰੇ ਟੋਲ ਪਲਾਜਿਆਂ ਨੂੰ ਲੋਕਾਂ ਲਈ ਟੋਲ ਮੁਕਤ ਕੀਤਾ ਜਾਵੇਗਾ। ਇਸੇ ਦਿਨ ਸੂਬੇ ਦੇ ਭਾਰਤੀ ਜਨਤਾ ਪਾਰਟੀ ਆਗੂਆਂ ਦੇ ਘਰਾਂ ਅੱਗੇ ਧਰਨੇ ਵੀ ਦਿੱਤੇ ਜਾਣਗੇ। ਮੀਟਿੰਗ ਨੂੰ ਹਰਮਿੰਦਰ ਸਿੰਘ ਖਹਿਰਾ, ਚਰਨ ਸਿੰਘ ਮੁੰਡੀਆਂ, ਬਲਦੇਵ ਸਿੰਘ ਪੂਨੀਆਂ, ਰਣਜੀਤ ਸਿੰਘ ਰੁਟੇਡਾ ਅਤੇ ਜਸਵੰਤ ਸਿੰਘ ਬੀਜਾ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਦੇਖਦੇ ਹੋਏ ਬਿਜਲੀ ਸਪਲਾਈ ਪੂਰੀ ਕੀਤੀ ਜਾਵੇ।
ਪਿਛਲੀ ਖ਼ਬਰ ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਸਵਪਨ ਸ਼ਰਮਾ ਕਮਿਸ਼ਨਰ ਪੁਲਿਸ ਨੂੰ ਬਾਵਾ ਅਤੇ ਦਾਖਾ ਨੇ ਭੇਟ ਕੀਤੀ ਅਗਲੀ ਖ਼ਬਰ ਪੀ.ਏ.ਯੂ. ਦੀਆਂ ਮੁਲਾਜ਼ਮ ਜਥੇਬੰਦੀਆਂ ਵਲੋਂ ਕਲਮ ਛੋੜ ਹੜਤਾਲ ਅਤੇ ਰੋਸ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।