ਲੁਧਿਆਣਾ, 22 ਜੁਲਾਈ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਫਲਾਂ, ਸਬਜ਼ੀਆਂ ਅਤੇ ਸਜਾਵਟੀ ਬੂਟਿਆਂ ਦੀ ਕਾਸ਼ਤ ਬਾਰੇ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿਚ 39 ਸਿੱਖਿਆਰਥੀਆਂ ਨੇ ਭਾਗ ਲਿਆ। ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਦੌਰਾਨ ਫਲਾਂ, ਸਬਜ਼ੀਆਂ ਅਤੇ ਸਜਾਵਟੀ ਬੂਟਿਆਂ ਦੀ ਕਾਸ਼ਤ ਦੇ ਸੁਚੱਜੇ ਢੰਗਾਂ ਬਾਰੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਜਾਣੂੰ ਕਰਵਾਇਆ ਗਿਆ ਅਤੇ ਕਿਸਾਨ ਵੀਰ ਇਸਦੀ ਮੁਹਾਰਤ ਹਾਸਲ ਕਰਕੇ ਇਸ ਨੂੰ ਕਿੱਤੇ ਵਜੋਂ ਅਪਣਾ ਸਕਦੇ ਹਨ। ਇਸ ਮੌਕੇ ‘ਤੇ ਕੋਰਸ ਦੇ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਕੋਰਸ ਦੀ ਭੂਮਿਕਾ ਅਤੇ ਕੋਰਸ ਦੀ ਮਹੱਤਤਾ ਬਾਰੇ ਸਿੱਖਿਆਰਥੀਆਂ ਨੂੰ ਜਾਣੂੰ ਕਰਵਾਇਆ। ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਫਲ ਵਿਗਿਆਨ ਵਿਭਾਗ ਦੇ ਵੱਖ-ਵੱਖ ਵਿਸ਼ਾ ਮਾਹਿਰ ਡਾ. ਮੋਨਿਕਾ ਗੁਪਤਾ, ਡਾ. ਗੁਰਤੇਗ ਸਿੰਘ, ਡਾ. ਗਗਨਦੀਪ ਕੌਰ, ਡਾ. ਨਵਪ੍ਰੇਮ ਸਿੰਘ, ਡਾ. ਅਨੀਰੁੱਧ ਠਾਕੁਰ, ਡਾ. ਕਰਨਵੀਰ ਸਿੰਘ ਗਿੱਲ, ਡਾ. ਕਿਰਨਦੀਪ ਕੌਰ ਕੰਗ, ਡਾ. ਮਨਦੀਪ ਸਿੰਘ ਗਿੱਲ, ਡਾ. ਸੁਖਜੀਤ ਕੌਰ ਜਵੰਦਾ, ਡਾ. ਯੋਗੇਸ਼ ਖੋਖਰ, ਡਾ. ਨਰੇਸ਼ ਕੁਮਾਰ ਅਰੋੜਾ, ਡਾ. ਸੰਦੀਪ ਸਿੰਘ ਅਤੇ ਡਾ. ਅਮਰਿੰਦਰ ਕੌਰ ਬਰਾੜ ਨੇ ਵੱਖ-ਵੱਖ ਵਿਸ਼ਿਆਂ ਉਪਰ ਜਿਵੇਂ ਕਿ ਪੰਜਾਬ ਵਿਚ ਫਲਾਂ ਦੀ ਕਾਸ਼ਤ, ਬਾਗ਼ਾਂ ਦੀ ਵਿਉਂਤਬੰਦੀ, ਬੂਟੇ ਲਗਾਉਣ ਦਾ ਢੰਗ ਅਤੇ ਨਵੇਂ ਬੂਟਿਆਂ ਦੀ ਸਾਂਭ-ਸੰਭਾਲ, ਅੰਬ ਅਤੇ ਲੀਚੀ ਦੇ ਉਤਪਾਦਨ, ਲਘੂ ਫਲ ਅਤੇ ਇਹਨਾਂ ਦੀ ਕਾਸ਼ਤ, ਘਰੇਲੂ ਬਗੀਚੀ ਵਿਚ ਫਲਦਾਰ ਬੂਟਿਆਂ ਦੀ ਯੋਜਨਾਬੰਦੀ, ਲਵਾਈ ਅਤੇ ਸੰਭਾਲ ਸਬੰਧੀ ਵਿਸ਼ਿਆਂ ਉੱਪਰ ਭਰਪੂਰ ਅਤੇ ਲਾਹੇਵੰਦ ਜਾਣਕਾਰੀ ਸਿੱਖਿਆਰਥੀਆਂ ਨਾਲ ਸਾਂਝੀ ਕੀਤੀ। ਇਸ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਸਿਮਰਤ ਸਿੰਘ ਨੇ ਦੱਸਿਆ ਕਿ ਫਲੋਰੀਕਲਚਰ ਅਤੇ ਲੈਂਡ ਸਕੇਪਿੰਗ ਵਿਭਾਗ ਦੇ ਵੱਖ-ਵੱਖ ਵਿਸ਼ਾ ਮਾਹਿਰ ਡਾ. ਪਰਮਿੰਦਰ ਸਿੰਘ, ਮੁਖੀ, ਡਾ. ਮਧੂ ਬਾਲਾ, ਡਾ. ਤਾਨੀਆ ਠਾਕੁਰ, ਡਾ. ਰਿਸ਼ੂ ਸ਼ਰਮਾ, ਡਾ. ਆਰ.ਕੇ. ਦੂਬੇ, ਡਾ. ਸ਼ਾਲਿਨੀ ਝਾਂਜੀ, ਡਾ. ਅਮਨ ਸ਼ਰਮਾ ਨੇ ਵੱਖ-ਵੱਖ ਵਿਸ਼ਿਆਂ ਉਪਰ ਜਿਵੇਂ ਕਿ ਫੁੱਲਾਂ ਦੀ ਕਾਸ਼ਤ ਦੀ ਮਹੱਤਤਾ, ਪੌਲੀ ਹਾਊਸ ਵਿਚ ਫੁੱਲਾਂ ਦੀ ਖੇਤੀ, ਕੱਟ ਫਲਾਵਰਜ ਦਾ ਉਤਪਾਦਨ ਅਤੇ ਮੰਡੀਕਰਨ, ਸਜਾਵਟੀ ਪੌਦਿਆਂ ਦੀਆਂ ਬਿਮਾਰੀਆਂ ਅਤੇ ਰੋਕਥਾਮ, ਵਿਸ਼ਿਆਂ ਉਪਰ ਭਰਪੂਰ ਅਤੇ ਲਾਹੇਵੰਦ ਜਾਣਕਾਰੀ ਸਿੱਖਿਆਰਥੀਆਂ ਨਾਲ ਸਾਂਝੀ ਕੀਤੀ।