03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਲੁਧਿਆਣਾ ’ਚ ਪਹਿਲੀ ਬਰਸਾਤ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਖੋਲ੍ਹੀ ਪੋਲ

ਅਜੀਤ ਡੈਸਕ 31-07-2026

ਗੁਰਦੇਵ ਨਗਰ ’ਚ ਸੜਕ ਧੱਸਣ ਨਾਲ ਕਾਰ ਪਲਟੀ
ਵੀਰਵਾਰ ਨੂੰੰ ਪਏ ਭਾਰੀ ਮੀਂਹ ਕਾਰਨ ਗੁਰਦੇਵ ਨਗਰ ਸਥਿਤ ਹੀਰੋ ਬੇਕਰੀ ਦੇ ਪਿੱਛੇ ਵਾਲੀ ਗਲੀ ਵਿਚ ਅਚਾਨਕ ਸੜਕ ਧੱਸ ਜਾਣ ਕਾਰਨ ਇਕ ਕਾਰ ਪਲਟ ਗਈ। ਕਾਰ ਚਾਲਕ ਨੇ ਦੱਸਿਆ ਕਿ ਉਹ ਆਪਣੇ ਮਾਲਕ ਨਾਲ ਗਲੀ ਵਿਚੋਂ ਲੰਘ ਰਿਹਾ ਸੀ। ਇਸ ਦੌਰਾਨ ਉਸ ਨੂੰ ਮਹਿਸੂਸ ਹੋਇਆ ਕਿ ਕਾਰ ਪਿਛਲੇ ਪਾਸੇ ਵੱਲ ਧੱਸ ਰਹੀ ਹੈ। ਸ਼ੱਕ ਹੋਣ ‘ਤੇ ਉਸਨੇ ਨੇੜੇ ਖੜ੍ਹੇ ਇਕ ਰਾਹਗੀਰ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਸੜਕ ਧੱਸ ਰਹੀ ਹੈ। ਇਸ ਤੇ ਚਾਲਕ ਨੇ ਤੁਰੰਤ ਕਾਰ ਰੋਕ ਕੇ ਆਪਣੇ ਮਾਲਕ ਸਮੇਤ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸੜਕ ਹੋਰ ਧੱਸ ਗਈ ਅਤੇ ਕਾਰ ਪਲਟ ਗਈ। ਖੁਸ਼ਕਿਸਮਤੀ ਰਹੀ ਕਿ ਦੋਵੇਂ ਸਮੇਂ ਸਿਰ ਕਾਰ ਵਿਚੋਂ ਬਾਹਰ ਆ ਗਏ, ਜਿਸ ਕਾਰਨ ਇਕ ਵੱਡਾ ਹਾਦਸਾ ਟਲ ਗਿਆ।
ਖੁੱਲ੍ਹੇ ਸੀਵਰੇਜ ’ਚ ਡਿੱਗਿਆ ਬਜ਼ੁਰਗ
ਵੀਰਵਾਰ ਨੂੰ ਭਾਰੀ ਮੀਂਹ ਦੌਰਾਨ ਕੋਟ ਮੰਗਲ ਸਿੰਘ ਨਗਰ ਵਿਚ ਪਾਣੀ ਨਾਲ ਭਰੀ ਸੜਕ ਕਾਰਨ ਇਕ ਬਜ਼ੁਰਗ ਖੁੱਲ੍ਹੇ ਸੀਵਰੇਜ ਵਿਚ ਸਾਈਕਲ ਸਮੇਤ ਡਿਗ ਪਿਆ। ਬਜ਼ੁਰਗ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਡਿਊਟੀ ‘ਤੇ ਜਾ ਰਿਹਾ ਸੀ। ਸੜਕ ‘ਤੇ ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਉਸਨੂੰ ਖੁੱਲ੍ਹਾ ਸੀਵਰੇਜ ਨਜ਼ਰ ਨਹੀਂ ਆਇਆ ਅਤੇ ਉਹ ਅਚਾਨਕ ਉਸ ਵਿਚ ਜਾ ਡਿਗਿਆ। ਬਜ਼ੁਰਗ ਨੇ ਦੱਸਿਆ ਕਿ ਸੀਵਰੇਜ ਦੇ ਅੰਦਰ ਲੋਹੇ ਦੀਆਂ ਪੌੜੀਆਂ ਦਾ ਸਹਾਰਾ ਲੈਕੇ ਉਹ ਕਿਸੇ ਤਰ੍ਹਾਂ ਬਾਹਰ ਨਿਕਲਿਆ ਅਤੇ ਮਦਦ ਲਈ ਰੌਲਾ ਪਾਇਆ। ਰਾਹਗੀਰਾਂ ਨੇ ਮੌਕੇ ‘ਤੇ ਪੁੱਜਕੇ ਉਸਦੀ ਮਦਦ ਕੀਤੀ ਅਤੇ ਉਸ ਨੂੰ ਤੇ ਉਸਦੇ ਸਾਈਕਲ ਨੂੰ ਬਾਹਰ ਕੱਢਿਆ। ਇਸਦੇ ਨਾਲ ਹੀ ਸ਼ਹਿਰ ਦੇ ਦੀਪ ਹਸਪਤਾਲ ਰੋਡ ‘ਤੇ ਇਕ ਈ ਰਿਕਸ਼ਾ ਵੀ ਬਰਸਾਤੀ ਪਾਣੀ ਖੜ੍ਹਾ ਹੋਣ ਨਾਲ ਪਲਟ ਗਿਆ, ਜਿਸ ਵਿਚ ਸਵਾਰੀਆਂ ਬੈਠੀਆਂ ਸਨ। ਖੁਸ਼ਕਿਸਮਤੀ ਰਹੀ ਕਿ ਕਿਸੇ ਸਵਾਰੀ ਨੂੰ ਸੱਟ ਨਹੀਂ ਲੱਗੀ।
ਲੁਧਿਆਣਾ, 30 ਜੁਲਾਈ (ਭੁਪਿੰਦਰ ਸਿੰਘ ਬੈਂਸ)-ਵੀਰਵਾਰ ਸਵੇਰੇ ਪਏ ਭਾਰੀ ਮੀਂਹ ਨੇ ਇਕ ਵਾਰ ਫਿਰ ਮਹਾਂਨਗਰ ਨੂੰ ਜਲ-ਥਲ ਕਰ ਦਿੱਤਾ ਅਤੇ ਨਗਰ ਨਿਗਮ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਕੁੱਝ ਹੀ ਸਮੇਂ ਦੇ ਮੀਂਹ ਤੋਂ ਬਾਅਦ ਸ਼ਹਿਰ ਦਾ ਸ਼ਾਇਦ ਹੀ ਕੋਈ ਅਜਿਹੀ ਇਲਾਕਾ ਬਚਿਆ ਹੋਵੇ, ਜਿੱਥੇ ਬਰਸਾਤੀ ਪਾਣੀ ਨਾ ਖੜ੍ਹਾ ਹੋਇਆ ਹੋਵੇ। ਕਈ ਥਾਵਾਂ ‘ਤੇ ਪਾਣੀ ਦੁਕਾਨਾਂ ਅਤੇ ਲੋਕਾਂ ਦੇ ਘਰਾਂ ਅੰਦਰ ਤੱਕ ਦਾਖਲ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਵਿਚ ਸਰਗਰਮ ਮਾਨਸੂਨ ਕਾਰਨ ਕਈ ਹਿੱਸਿਆ ਵਿਚ ਮੀਂਹ ਪਿਆ, ਜਿਸ ਨਾਲ ਆਵਾਜਾਈ ਅਤੇ ਰੋਜ਼ਾਨਾ ਜੀਵਨ ਪ੍ਰਭਾਵਿਤ ਹੋਇਆ। ਸ਼ਹਿਰ ਦੇ ਬਸਤੀ ਜੋਧੇਵਾਲ, ਸ਼ਿਵਪੁਰੀ, ਚੰਡੀਗੜ੍ਹ ਰੋਡ, ਸ਼ਿੰਗਾਰ ਸਿਨੇਮਾ ਰੋਡ, ਗਿੱਲ ਰੋਡ, ਗਣੇਸ਼ ਨਗਰ, ਸ਼ਾਮ ਨਗਰ, ਹਜੂਰੀ ਰੋਡ, ਕੁੰਦਨਪੁਰੀ, ਹੈਬੋਵਾਲ, ਸੁੰਦਰ ਨਗਰ, ਮਾਧੋਪੁਰੀ ਸਮੇਤ ਕਈ ਇਲਾਕਿਆਂ ਵਿਚ ਸੜਕਾਂ ਬਰਸਾਤੀ ਪਾਣੀ ਨਾਲ ਭਰ ਗਈਆਂ। ਕਈ ਮੁਹੱਲਿਆਂ ਵਿਚ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਗਿਆ ਅਤੇ ਲੋਕਾਂ ਨੂੰ ਪਾਣੀ ਕੱਢਣ ਲਈ ਕਈ ਘੰਟੇ ਜਦੋ ਜਹਿਦ ਕਰਨੀ ਪਈ। ਬੁੱਢੇ ਦਰਿਆ ਨਾਲ ਲੱਗਦੇ ਗਾਂਧੀ ਨਗਰ, ਸ਼ਿਵਪੁਰੀਪੁਰੀ, ਬਾਜਵਾ ਨਗਰ, ਕੁੰਦਨਪੁਰੀ, ਉਪਕਾਰ ਨਗਰ ਅਤੇ ਹੈਬੋਵਾਲ ਦੇ ਕਈ ਇਲਾਕਿਆਂ ਵਿਚ ਵੀ ਪਾਣੀ ਘਰਾਂ ਵਿਚ ਵੜ ਗਿਆ। ਲੋਕਾਂ ਨੇ ਦੋਸ਼ ਲਾਇਆ ਕਿ ਹਰ ਸਾਲ ਬਰਸਾਤ ਵੇਲੇ ਅਜਿਹੇ ਹਾਲਾਤ ਬਣਦੇ ਹਨ ਪਰ ਨਗਰ ਨਿਗਮ ਵਲੋਂ ਪੱਕਾ ਹੱਲ ਕਰਨ ਦੀ ਥਾਂ ਸਿਰਫ ਦਾਅਵੇ ਹੀ ਕੀਤੇ ਜਾਂਦੇ ਹਨ। ਹਾਲਾਤ ਉਸ ਵੇਲੇ ਹੋਰ ਗੰਭੀਰ ਹੋ ਗਏ, ਜਦੋ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਪਹਿਲਾ ਹੀ ਸੜਕਾਂ ’ਤੇ ਪਿਆ ਕੂੜਾ ਮੀਂਹ ਦੇ ਪਾਣੀ ਨਾਲ ਰੁੜ੍ਹਕੇ ਕਈ ਥਾਵਾਂ ‘ਤੇ ਫੈਲ ਗਿਆ। ਇਸ ਕਾਰਨ ਨਾ ਸਿਰਫ ਆਵਾਜਾਈ ਪ੍ਰਭਾਵਿਤ ਹੋਈ, ਸਗੋਂ ਗੰਦਗੀ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਉਧਰ ਕਈ ਇਲਾਕਿਆਂ ਵਿਚ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਪੀਣ ਵਾਲੇ ਪਾਣੀ ਨਾਲ ਰਲਕੇ ਸਪਲਾਈ ਹੋਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ। ਇਸ ਨਾਲ ਲੋਕਾਂ ਵਿਚ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਪੈਦਾ ਹੋ ਗਿਆ ਤੇ ਉਨ੍ਹਾਂ ਨੇ ਤੁਰੰਤ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ। ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਲੰਬੇ ਟ੍ਰੈਫਿਕ ਜਾਮ ਲੱਗੇ ਰਹੇ। ਕਈ ਦੋਪਹੀਆ ਅਤੇ ਚਾਰ ਪਹੀਆ ਵਾਹਨ ਪਾਣੀ ਵਿਚ ਫਸਕੇ ਬੰਦ ਹੋ ਗਏ, ਜਿਸ ਕਾਰਨ ਲੋਕਾਂ ਨੂੰ ਘੰਟਿਆ ਤੱਕ ਜਾਮ ਵਿਚ ਫਸਣਾ ਪਿਆ। ਸ਼ਹਿਰਵਾਸੀਆਂ ਨੇ ਨਿਗਮ ਪ੍ਰਸ਼ਾਸਨ ਖਿਲਾਫ ਰੋਸ ਜਾਹਿਰ ਕਰਦਿਆਂ ਕਿਹਾ ਕਿ ਹਰ ਸਾਲ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਕਾਰਗਰ ਪ੍ਰਬੰਧ ਨਹੀਂ ਹੋ ਸਕਿਆ। ਲੋਕਾਂ ਦਾ ਕਹਿਣਾ ਸੀ ਕਿ ਹਰ ਵਾਰ ਮੀਂਹ ਪੈਂਦਿਆਂ ਹੀ ਸ਼ਹਿਰ ਜਲ-ਥਲ ਹੋ ਜਾਂਦਾ ਹੈ ਅਤੇ ਨਿਗਮ ਦੇ ਸਾਰੇ ਦਾਅਵੇ ਪਾਣੀ ਵਿਚ ਰੁੜ ਜਾਂਦੇ ਹਨ। ਕੁਲ ਮਿਲਾਕੇ ਇਸ ਵਾਰ ਨਗਰ ਨਿਗਮ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਵਿਚ ਹਰ ਸਾਲ ਦੀ ਤਰ੍ਹਾਂ ਨਾਕਾਮ ਸਾਬਤ ਹੁੰਦਾ ਨਜ਼ਰ ਆਇਆ।

ਪਿਛਲੀ ਖ਼ਬਰ ਬਰਨਾਲਾ ਕਾਂਡ ਦੇ ਰੋਸ ਵਜੋਂ ਲੁਧਿਆਣਾ ਮੁਕੰਮਲ ਰਿਹਾ ਬੰਦ ਅਗਲੀ ਖ਼ਬਰ ਢਾਂਗੂ ਪੀਰ ਸਥਿਤ ਮਾਤਾ ਫੁੱਲਾਂ ਵਾਲੀ ਮੰਦਿਰ ’ਚ ਗੁਰੂ ਪੂਰਨਿਮਾ ਮੌਕੇ ਤਿੰਨ ਦਿਨਾਂ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।