03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਬਰਨਾਲਾ ਕਾਂਡ ਦੇ ਰੋਸ ਵਜੋਂ ਲੁਧਿਆਣਾ ਮੁਕੰਮਲ ਰਿਹਾ ਬੰਦ

ਅਜੀਤ ਡੈਸਕ 31-07-2026

ਲੁਧਿਆਣਾ, 30 ਜੁਲਾਈ (ਭੁਪਿੰਦਰ ਸਿੰਘ ਬੈਂਸ)-ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਸਫ਼ਾਈ ਕਰਮਚਾਰੀ ਜਥੇਬੰਦੀਆਂ ਵਲੋਂ ਦਿੱਤੇ ਲੁਧਿਆਣਾ ਬੰਦ ਦੇ ਸੱਦੇ ‘ਤੇ ਵੀਰਵਾਰ ਨੂੰ ਸ਼ਹਿਰ ਵਿਚ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਜ਼ਿਆਦਾਤਰ ਮੁੱਖ ਵਪਾਰਕ ਇਲਾਕੇ ਪੂਰੀ ਤਰ੍ਹਾਂ ਬੰਦ ਰਹੇ, ਜਿਸ ਕਾਰਨ ਸਾਰਾ ਦਿਨ ਬਾਜ਼ਾਰਾਂ ਵਿਚ ਸੁੰਨਾਪਨ ਛਾਇਆ ਰਿਹਾ। ਦੁਕਾਨਦਾਰਾਂ ਨੇ ਵੀ ਸਫ਼ਾਈ ਕਰਮਚਾਰੀਆਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਆਪਣੇ ਕਾਰੋਬਾਰ ਬੰਦ ਰੱਖੇ। ਬੰਦ ਦੌਰਾਨ ਚੌੜਾ ਬਾਜ਼ਾਰ, ਪ੍ਰਤਾਪ ਬਾਜ਼ਾਰ, ਕੇਸਰ ਗੰਜ ਮੰਡੀ, ਸਾਬਣ ਬਾਜ਼ਾਰ, ਮਾਧੋਪੁਰੀ, ਸੁੰਦਰ ਨਗਰ, ਬਸਤੀ ਜੋਧੇਵਾਲ, ਸ਼ਿਵਪੁਰੀ, ਘੁਮਾਰ ਮੰਡੀ, ਮਾਡਲ ਟਾਊਨ ਅਤੇ ਸ਼ਹਿਰ ਦੇ ਕਈ ਵਪਾਰਕ ਕੇਂਦਰਾਂ ਵਿਚ ਸਾਰਾ ਦਿਨ ਦੁਕਾਨਾਂ ਦੇ ਸ਼ਟਰ ਡਿੱਗੇ ਰਹੇ। ਕੁੱਝ ਥਾਵਾਂ ‘ਤੇ ਜੇਕਰ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਫ਼ਾਈ ਕਰਮਚਾਰੀਆਂ ਵਲੋਂ ਉਨ੍ਹਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ। ਬੰਦ ਦਾ ਪ੍ਰਭਾਵ ਸਰਕਾਰੀ ਅਦਾਰਿਆਂ ਵਿਚ ਵੀ ਸਪਸ਼ਟ ਤੌਰ ‘ਤੇ ਵੇਖਣ ਨੂੰ ਮਿਲਿਆ। ਦਫ਼ਤਰਾਂ ਵਿਚ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਘੱਟ ਰਹੀ। ਇਸ ਦੇ ਨਾਲ ਹੀ ਸ਼ਹਿਰ ਦੀਆਂ ਸੜਕਾਂ ‘ਤੇ ਆਵਾਜਾਈ ਵੀ ਘੱਟ ਰਹੀ। ਨਗਰ ਨਿਗਮ ਦੀਆਂ ਵੱਖ-ਵੱਖ ਕਰਮਚਾਰੀ ਜਥੇਬੰਦੀਆਂ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਰੋਸ ਪ੍ਰਦਰਸ਼ਨ ਵੀ ਕੀਤੇ ਗਏ। ਚੌੜਾ ਬਾਜ਼ਾਰ ਚ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਜਦਕਿ ਘੰਟਾਘਰ ਚੌਕ ਵਿਚ ਚੌਧਰੀ ਯਸ਼ਪਾਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬਰਨਾਲਾ ਘਟਨਾ ਦੀ ਨਿਖੇਧੀ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਬੰਦ ਦਾ ਅਸਰ ਸਿੱਖਿਆ ਖੇਤਰ ਤੇ ਵੀ ਪਿਆ। ਕਈ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਰਹੀ ਕਿਉਂਕਿ ਆਵਾਜਾਈ ਪ੍ਰਭਾਵਿਤ ਹੋਣ ਅਤੇ ਬੰਦ ਦੇ ਮੱਦੇਨਜ਼ਰ ਕਈ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਿਆ। ਸ਼ਹਿਰ ਵਿਚ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਣ ਲਈ ਪੁਲਿਸ ਵਲੋਂ ਸੁਰੱਖਿਆ ਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਅਤੇ ਸੰਵੇਦਨਸ਼ੀਲ ਇਲਾਕਿਆਂ ਵਿਚ ਵਾਧੂ ਪੁਲਿਸ ਬਲ ਤੈਨਾਤ ਰਿਹਾ। ਸ਼ਾਮ ਕਰੀਬ ਚਾਰ ਵਜੇ ਹੜਤਾਲ ਖ਼ਤਮ ਹੋਣ ਤੋਂ ਬਾਅਦ ਸ਼ਹਿਰ ਦੇ ਬਾਜ਼ਾਰ ਹੌਲੀ-ਹੌਲੀ ਖੁੱਲ੍ਹਣੇ ਸ਼ੁਰੂ ਹੋ ਗਏ। ਪਰ ਕਈ ਦੁਕਾਨਦਾਰਾਂ ਨੇ ਦੇਰ ਸ਼ਾਮ ਵੀ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਇਸ ਮੌਕੇ ਸਫ਼ਾਈ ਸੇਵਕਾਂ ਦੀ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਦੋਂ ਤਕ ਸਰਕਾਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਅਤੇ ਬਰਨਾਲਾ ਲਾਠੀਚਾਰਜ ਦੇ ਜਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ, ਉਦੋਂ ਤਕ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਪਿਛਲੀ ਖ਼ਬਰ ਡੁਲਗਚ ਦੀ ਅਗਵਾਈ ’ਚ ਰੋਸ ਮਾਰਚ ਕੱਢਿਆ ਅਗਲੀ ਖ਼ਬਰ ਲੁਧਿਆਣਾ ’ਚ ਪਹਿਲੀ ਬਰਸਾਤ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਖੋਲ੍ਹੀ ਪੋਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।