ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖ਼ਾਲਸਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦਾ ਰਲੇਵਾਂ ਸ਼ਲਾਘਾਯੋਗ ਕਦਮ-ਜਥੇ: ਹਰਜਿੰਦਰ ਸਿੰਘ ਧਾਮੀ
ਲੁਧਿਆਣਾ, 28 ਅਗਸਤ (ਪਰਮਿੰਦਰ ਸਿੰਘ ਆਹੂਜਾ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖ਼ਾਲਸਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦਾ ਰਲੇਵਾਂ ਨੌਜਵਾਨਾਂ ਦੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਵਾਲਾ ਸ਼ਲਾਘਾਯੋਗ ਕਦਮ ਹੈ। ਜਦੋਂ ਨੌਜਵਾਨ ਇਕਜੁੱਟ ਹੋ ਕੇ ਇਕ ਸ਼ਕਤੀ ਵਜੋਂ ਅੱਗੇ ਵਧਣਗੇ ਤਾਂ ਕੋਈ ਵੀ ਤਾਕਤ ਕੌਮ ਨੂੰ ਝੁਕਾ ਨਹੀਂ ਸਕਦੀ।
ਲੁਧਿਆਣਾ, 28 ਅਗਸਤ (ਪਰਮਿੰਦਰ ਸਿੰਘ ਆਹੂਜਾ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖ਼ਾਲਸਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦਾ ਰਲੇਵਾਂ ਨੌਜਵਾਨਾਂ ਦੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਵਾਲਾ ਸ਼ਲਾਘਾਯੋਗ ਕਦਮ ਹੈ। ਜਦੋਂ ਨੌਜਵਾਨ ਇਕਜੁੱਟ ਹੋ ਕੇ ਇਕ ਸ਼ਕਤੀ ਵਜੋਂ ਅੱਗੇ ਵਧਣਗੇ ਤਾਂ ਕੋਈ ਵੀ ਤਾਕਤ ਕੌਮ ਨੂੰ ਝੁਕਾ ਨਹੀਂ ਸਕਦੀ। ਇਸ ਨਾਲ ਪੰਥਕ ਅਤੇ ਰਾਜਨੀਤਕ ਮਸਲਿਆਂ ‘ਤੇ ਇਕ ਮਜ਼ਬੂਤ ਆਵਾਜ਼ ਬੁਲੰਦ ਹੋਵੇਗੀ ਅਤੇ ਧੜਿਆਂ ਵਿਚ ਵੰਡੀ ਹੋਈ ਪੰਥਕ ਸ਼ਕਤੀ ਨੂੰ ਇਕਜੁੱਟ ਕਰਨ ਦੀ ਨਵੀਂ ਸ਼ੁਰੂਆਤ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਵੱਦੀ ਟਕਸਾਲ ਵਿਖੇ ਚੱਲ ਰਹੇ ਗੁਰਮਤਿ ਸਮਾਗਮਾਂ ਵਿਚ ਸ਼ਿਰਕਤ ਕਰਨ ਮੌਕੇ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਅੱਜ ਪੰਥ ਨੂੰ ਦਰਪੇਸ਼ ਚੁਣੌਤੀਆਂ ਬਹੁਤ ਵੱਡੀਆਂ ਹਨ। ਬੰਦੀ ਸਿੰਘਾਂ ਦੀ ਰਿਹਾਈ, ਨਸ਼ਿਆਂ ਦੀ ਸਮੱਸਿਆ, ਬੇਰੁਜ਼ਗਾਰੀ ਅਤੇ ਨੌਜਵਾਨਾਂ ਦਾ ਵੱਡੀ ਗਿਣਤੀ ਵਿਚ ਵਿਦੇਸ਼ਾਂ ਵੱਲ ਜਾਣਾ ਆਦਿ ਗੰਭੀਰ ਮੁੱਦੇ ਹਨ। ਅਜਿਹੇ ਸਮੇਂ ਵਿਚ ਨੌਜਵਾਨ ਸ਼ਕਤੀ ਦਾ ਵੱਖ-ਵੱਖ ਧੜਿਆਂ ਵਿਚ ਵੰਡਿਆ ਰਹਿਣਾ ਕੌਮ ਨੂੰ ਕਮਜ਼ੋਰ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਏਕਤਾ ਸਿਰਫ਼ ਦੋਵਾਂ ਫੈਡਰੇਸ਼ਨਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਇਸ ਨੂੰ ਵਿਆਪਕ ਪੰਥਕ ਏਕਤਾ ਦਾ ਆਧਾਰ ਬਣਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਨੇ ਕਿਹਾ ਕਿ ਵਿਚਾਰਾਂ ਦੇ ਮਤਭੇਦ ਲੋਕ ਤਾਂਤਰਿਕ ਢੰਗ ਨਾਲ ਵਿਚਾਰੇ ਜਾ ਸਕਦੇ ਹਨ, ਪਰ ਪੰਥਕ ਹਿਤਾਂ ਨਾਲ ਸਬੰਧਿਤ ਸਾਂਝੇ ਮੁੱਦਿਆਂ ’ਤੇ ਸਾਰਿਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਥਕ ਏਕਤਾ ਹੀ ਮੌਜੂਦਾ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰਨ ਲਈ ਮਜ਼ਬੂਤ ਆਧਾਰ ਬਣ ਸਕਦੀ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਦੋਵਾਂ ਫੈਡਰੇਸ਼ਨਾਂ ਦੀ ਏਕਤਾ ਆਉਣ ਵਾਲੇ ਸਮੇਂ ਵਿਚ ਹੋਰ ਪੰਥਕ ਜਥੇਬੰਦੀਆਂ ਨੂੰ ਵੀ ਇਕ ਸਾਂਝੇ ਮੰਚ ’ਤੇ ਆਉਣ ਲਈ ਪ੍ਰੇਰਿਤ ਕਰੇਗੀ। ਇਹ ਕਦਮ ਧੜਿਆਂ ਵਿਚ ਵੰਡੀ ਹੋਈ ਪੰਥਕ ਸ਼ਕਤੀ ਨੂੰ ਇਕਜੁੱਟ ਕਰਨ ਲਈ ਇਕ ਨਵਾਂ ਰਾਹ ਖੋਲ੍ਹੇਗਾ ਅਤੇ ਨੌਜਵਾਨਾਂ ਨੂੰ ਪੰਥਕ ਮਸਲਿਆਂ ਨਾਲ ਹੋਰ ਮਜ਼ਬੂਤੀ ਨਾਲ ਜੋੜਨ ਵਿਚ ਸਹਾਈ ਹੋਵੇਗਾ। ਇਸ ਮੌਕੇ ਬਾਬਾ ਅਜੀਤ ਸਿੰਘ ਭਾਈ ਬਲਜੀਤ ਸਿੰਘ ਬੀਤਾ, ਲਵਪ੍ਰੀਤ ਸਿੰਘ, ਗੁਰਬੀਰ ਸਿੰਘ, ਸੰਦੀਪ ਸਿੰਘ, ਹਰਮਨਜੋਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ।