10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗਊਸ਼ਾਲਾਵਾਂ ਦੀ ਹਾਲਤ ਸੁਧਾਰਨਾ ਪਹਿਲੀ ਤਰਜੀਹ- ਮੇਅਰ ਸੌਰਭ ਜੋਸ਼ੀ <br/>

ਅਜੀਤ ਡੈਸਕ 31-01-2026
ਚੰਡੀਗੜ੍ਹ, 30 ਜਨਵਰੀ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਬਣੇ ਮੇਅਰ ਸੌਰਭ ਜੋਸ਼ੀ ਨੇ ਅਹੁਦਾ ਸੰਭਾਲਦੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ | ਮੇਅਰ ਨੇ ਅੱਜ ਆਪਣੇ ਕਾਰਜਕਾਲ ਦੇ ਪਹਿਲੇ ਹੀ ਦਿਨ ਨਿਗਮ ਕਮਿਸ਼ਨਰ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਨਾਲ ਲੈ ਰਾਏਪੁਰ ਗਊਸ਼ਾਲਾ ਦਾ ਦੌਰਾ ਕਰਕੇ ਉੱਥੋਂ ਦੀਆਂ ਵਿਵਸਥਾਵਾਂ ਦੀ ਜਾਂਚ ਕੀਤੀ ਤੇ ਗਊਸ਼ਾਲਾਵਾਂ ਦੇ ਮਿਆਰ ਨੂੰ ਸੁਧਾਰਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ | ਦੌਰੇ ਦੌਰਾਨ ਮੇਅਰ ਨੇ ਗਾਵਾਂ ਨੂੰ ਚਾਰਾ ਪਾਇਆ ਤੇ ਗਊਸ਼ਾਲਾ ਪ੍ਰਬੰਧਨ ਨਾਲ ਗੱਲਬਾਤ ਕਰਕੇ ਸੁਵਿਧਾਵਾਂ ਬਿਹਤਰ ਬਣਾਉਣ ਨੂੰ ਕਿਹਾ | ਉਨ੍ਹਾਂ ਸਪਸ਼ਟ ਕੀਤਾ ਕਿ ਸ਼ਹਿਰ ਦੀਆਂ ਸਾਰੀਆਂ ਗਊਸ਼ਾਲਾਵਾਂ ਵਿਚ ਪਸ਼ੂਆਂ ਦੀ ਸੰਭਾਲ, ਸਫ਼ਾਈ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ | ਮੇਅਰ ਸੌਰਭ ਜੋਸ਼ੀ ਨੇ ਸਰਦੀ ਦੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਗਾਵਾਂ ਦੇ ਸ਼ੈੱਡਾਂ ਵਿਚ ਹੀਟਰ ਲਗਾਉਣ, ਹਵਾ ਆਉਣ ਵਾਲੀਆਂ ਸਾਰੀਆਂ ਥਾਵਾਂ ਨੂੰ ਬੰਦ ਕਰਨ ਅਤੇ ਗਰਮੀ ਦੇ ਮੌਸਮ ਵਿਚ ਸਾਰੀਆਂ ਗਊਸ਼ਾਲਾਵਾਂ ਅੰਦਰ ਕੂਲਰ ਲਗਾਉਣ ਦੇ ਹੁਕਮ ਦਿੱਤੇ | ਇਸ ਉਪਰੰਤ ਉਨ੍ਹਾਂ ਨੇ ਇੰਡਸਟਰੀਅਲ ਏਰੀਆ ਦੀਆਂ ਦੋਵੇਂ ਗਊਸ਼ਾਲਾਵਾਂ ਦਾ ਵੀ ਨਿਰੀਖਣ ਕੀਤਾ ਅਤੇ ਉੱਥੇ ਦੀਆਂ ਵਿਵਸਥਾਵਾਂ ਦੀ ਸਮੀਖਿਆ ਕੀਤੀ | ਮੇਅਰ ਨੇ ਦੱਸਿਆ ਕਿ ਉਹ ਦਿਨ ਭਰ ਸ਼ਹਿਰ ਦੇ ਹੋਰ ਇਲਾਕਿਆਂ ਵਿਚ ਸਥਿਤ ਗਊਸ਼ਾਲਾਵਾਂ ਦਾ ਵੀ ਦੌਰਾ ਕਰਨਗੇ |
ਨਿਰੀਖਣ ਦੌਰਾਨ ਰਾਏਪੁਰ ਗਊਸ਼ਾਲਾ 'ਚ ਲੱਗੀ ਮਸ਼ੀਨ ਇਕ ਵਾਰ ਫ਼ਿਰ ਬੰਦ ਪਾਈ ਗਈ | ਪਹਿਲਾਂ ਵੀ ਮਸ਼ੀਨ ਬੰਦ ਰਹਿਣ ਕਾਰਨ ਪਸ਼ੂਆਂ ਦੀਆਂ ਲਾਸ਼ਾਂ ਇਕੱਠੇ ਹੋਣ ਨੂੰ ਲੈ ਕੇ ਵਿਵਾਦ ਪੈਦਾ ਹੋ ਚੁੱਕਾ ਹੈ | ਇਸ ਵਾਰ ਗਊਸ਼ਾਲਾ 'ਚ ਅੱਠ ਪਸ਼ੂਆਂ ਦੀਆਂ ਲਾਸ਼ਾਂ ਤਿਰਪਾਲ ਨਾਲ ਢੱਕੀਆਂ ਹੋਇਆਂ ਮਿਲੀਆਂ, ਜਿਸ 'ਤੇ ਮੇਅਰ ਸੌਰਭ ਜੋਸ਼ੀ ਨੇ ਸਖ਼ਤ ਨਾਰਾਜ਼ਗੀ ਜਤਾਈ ਅਤੇ ਮਸ਼ੀਨਰੀ ਨੂੰ ਤੁਰੰਤ ਠੀਕ ਕਰਕੇ ਨਿਯਮਤ ਤੌਰ 'ਤੇ ਚਾਲੂ ਰੱਖਣ ਦੇ ਨਿਰਦੇਸ਼ ਦਿੱਤੇ | ਮੇਅਰ ਵਲੋਂ ਗਊਸ਼ਾਲਾਵਾਂ ਸੰਬੰਧੀ ਕਈ ਅਹਿਮ ਹੁਕਮ ਜਾਰੀ ਕੀਤੇ ਗਏ, ਜਿਨ੍ਹਾ 'ਚ ਰਾਏਪੁਰ ਗਊਸ਼ਾਲਾ ਦੇ ਵਿਸਤਾਰ ਅਤੇ ਪਸ਼ੂਆਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ | ਇਸ ਦੇ ਨਾਲ ਹੀ ਫ਼ੈਸਲਾ ਕੀਤਾ ਗਿਆ ਕਿ ਸਾਰੀਆਂ ਗਊਸ਼ਾਲਾਵਾਂ ਦਾ ਦੁੱਧ ਵੇਚਣ ਜਾਂ ਕਰਮਚਾਰੀਆਂ ਨੂੰ ਦੇਣ ਦੀ ਬਜਾਏ ਅਨਾਥ ਆਸ਼ਰਮਾਂ ਨੂੰ ਦਿੱਤਾ ਜਾਵੇਗਾ | ਸਰਦੀ ਦੇ ਮੌਸਮ 'ਚ ਗਾਵਾਂ ਦੇ ਹੇਠਾਂ ਪਰਾਲੀ ਵਿਛਾਉਣ ਦੇ ਵੀ ਹੁਕਮ ਜਾਰੀ ਕੀਤੇ ਗਏ | ਇਸ ਤੋਂ ਇਲਾਵਾ ਇੰਡਸਟਰੀਅਲ ਏਰੀਆ ਦੀ ਗਊਸ਼ਾਲਾ 'ਚ ਲੋਹੇ ਦੇ ਐਂਗਲ ਹਟਾ ਕੇ ਰਬੜ ਦੇ ਐਂਗਲ ਲਗਾਉਣ ਤਾਂ ਜੋ ਕਰੰਟ ਦਾ ਕੋਈ ਖ਼ਤਰਾ ਨਾ ਰਹੇ ਅਤੇ ਜਰਜਰ ਟੀਨ ਸ਼ੈਡ ਬਦਲਣ ਦੇ ਨਿਰਦੇਸ਼ ਵੀ ਮੇਅਰ ਵਲੋਂ ਜਾਰੀ ਕੀਤੇ ਗਏ |

ਪਿਛਲੀ ਖ਼ਬਰ ਮੋਬਾਈਲ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਅਗਲੀ ਖ਼ਬਰ ਪੰਜ ਤੱਤਾਂ 'ਚ ਵਲੀਨ ਹੋਏ ਨਾਮੀ ਸਾਹਿੱਤਕਾਰ ਮਹਿੰਦਰ ਸਿੰਘ ਬਾਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।