ਚੰਡੀਗੜ੍ਹ,12 ਫਰਵਰੀ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਨੇ ਇਕ ਹੋਰ ਮੁਕਾਮ ਹਾਸਲ ਕਰਦੇ ਹੋਏ ਬੀ.ਟੈਕ ਵਿਦਿਆਰਥੀਆਂ ਦੀ ਟੀਮ ਨੇ ਆਈ.ਆਈ.ਟੀ ਰੁੜਕੀ ਦੇ ਸਾਲਾਨਾ ਈ-ਸਮਿਟ ਦੌਰਾਨ ਕਰਵਾਏ ਡਾਟਾਫੋਰਜ ਹੈਕਾਥਾਨ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਨ੍ਹਾਂ ਮੁਕਾਬਲਿਆਂ ਵਿਚ ਦੇਸ਼ ਭਰ ਦੇ ਪ੍ਰਮੁੱਖ ਤਕਨੀਕੀ ਸੰਸਥਾਨਾਂ ਨੇ ਹਿੱਸਾ ਲਿਆ | ਵਿਜੇਤਾ ਟੀਮ ਨੇ ਦੋ ਮੁੱਖ ਚੁਣੌਤੀਆਂ 'ਤੇ ਕੰਮ ਕੀਤਾ | ਪਹਿਲੀ ਚੁਣੌਤੀ ਚੈਟ ਜੀ.ਪੀ.ਟੀ ਵਿਚ ਆਉਣ ਵਾਲੀਆਂ ਗ਼ਲਤੀਆਂ ਦੀ ਪਹਿਚਾਣ ਅਤੇ ਸੁਧਾਰ ਲਈ ਇਕ ਏ.ਆਈ ਆਧਾਰਿਤ ਟੂਲ ਦੇ ਵਿਕਾਸ ਨਾਲ ਸੰਬੰਧਿਤ ਅਤੇ ਦੂਸਰੀ ਚੁਣੌਤੀ ਡਾਟਾ ਨੂੰ ਸੁਰੱਖਿਅਤ ਅਤੇ ਸਮਾਰਟ ਢੰਗ ਨਾਲ ਟਰਾਂਸਫ਼ਰ ਕਰਨ ਲਈ ਇਕ ਪ੍ਰਣਾਲੀ ਤਿਆਰ ਕਰਨ 'ਤੇ ਕੇਂਦਰਿਤ ਰਹਿਣਾ ਸੀ | ਪੈੱਕ ਦੀ ਟੀਮ ਵਿਚ ਆਦਿਤਅ ਗੁਪਤਾ, ਆਰਯਨ ਸਿੰਘ, ਸਿਧਾਰਥ ਮੋਹਤਾ ਅਤੇ ਕਾਵਯਾ ਅਰੋੜਾ ਸ਼ਾਮਲ ਸਨ | ਜੋ ਸਾਰੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ (ਸੀ.ਐਸ.ਈ) ਵਿਭਾਗ ਦੇ ਪਹਿਲੇ ਸਾਲ ਦੇ ਬੀ.ਟੈਕ ਵਿਦਿਆਰਥੀ ਹਨ | ਵਿਦਿਆਰਥੀਆਂ ਨੇ ਇਸ ਸਫਲਤਾ ਲਈ ਪੈੱਕ ਦੇ ਨਿਰਦੇਸ਼ਕ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਅਤੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਪ੍ਰੋ. ਸੰਜੀਵ ਸੋਫਤ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਕਿਹਾ ਕਿ ਲਗਾਤਾਰ ਮਾਰਗ ਦਰਸ਼ਨ, ਪ੍ਰੇਰਣਾ ਅਤੇ ਹੁਨਰ ਵਿਕਾਸ ਲਈ ਮਿਲੀ ਹੌਂਸਲਾ ਅਫ਼ਜ਼ਾਈ ਨੇ ਇਸ ਉਪਲਬਧੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ |