ਡੇਰਾਬੱਸੀ, 12 ਫਰਵਰੀ (ਗੁਰਮੀਤ ਸਿੰਘ)-ਪੰਜਾਬ ਪੁਲਿਸ ਦੇ ਬਹਾਦਰ ਅਫ਼ਸਰ ਬਿਕਰਮਜੀਤ ਸਿੰਘ ਬਰਾੜ ਨੂੰ ਡੀ. ਐੱਸ. ਪੀ. ਤੋਂ ਐੱਸ. ਪੀ. ਵਜੋਂ ਤਰੱਕੀ ਮਿਲਣ 'ਤੇ ਡੇਰਾਬੱਸੀ ਸਬ-ਡਵੀਜ਼ਨ ਦੇ ਪੁਲਿਸ ਵਿਭਾਗ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਦੇ ਚਲਦਿਆਂ ਇਲਾਕੇ ਦੇ ਵੱਖ-ਵੱਖ ਥਾਣਾ ਮੁਖੀਆਂ ਅਤੇ ਚੌਕੀ ਇੰਚਾਰਜਾਂ ਵਲੋਂ ਐੱਸ. ਪੀ. ਬਰਾੜ ਨੂੰ ਵਧਾਈ ਦਿੰਦਿਆਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਥਾਣਾ ਮੁਖੀ ਡੇਰਾਬੱਸੀ ਇੰਸਪੈਕਟਰ ਸੁਮਿਤ ਮੋਰ, ਥਾਣਾ ਮੁਖੀ ਲਾਲੜੂ ਇੰਸਪੈਕਟਰ ਰਣਬੀਰ ਸਿੰਘ ਸੰਧੂ, ਥਾਣਾ ਮੁਖੀ ਹੰਡੇਸਰਾ ਇੰਸਪੈਕਟਰ ਗੁਰਮੇਹਰ ਸਿੰਘ, ਚੌਕੀ ਇੰਚਾਰਜ ਲੈਹਲੀ ਗੁਰਵਿੰਦਰ ਸਿੰਘ ਅਤੇ ਚੌਕੀ ਇੰਚਾਰਜ ਮੁਬਾਰਕਪੁਰ ਕੁਲਵੰਤ ਸਿੰਘ ਨੇ ਉਨ੍ਹਾਂ ਦੀ ਪੇਸ਼ੇਵਰ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਬਿਕਰਮਜੀਤ ਸਿੰਘ ਬਰਾੜ ਇਕ ਮਿਹਨਤੀ ਅਤੇ ਨਿਰਭੈ ਅਫ਼ਸਰ ਹਨ, ਜਿਨ੍ਹਾਂ ਨੇ ਅਪਰਾਧੀਆਂ ਨੂੰ ਖ਼ਤਮ ਕਰਨ ਅਤੇ ਕਾਨੂੰਨੀ ਰਾਜ ਕਾਇਮ ਰੱਖਣ 'ਚ ਅਹਿਮ ਯੋਗਦਾਨ ਪਾਇਆ ਹੈ | ਉਨ੍ਹਾਂ ਦੀ ਇਸ ਤਰੱਕੀ ਨਾਲ ਪੁਲਿਸ ਟੀਮ ਦਾ ਹੌਸਲਾ ਹੋਰ ਵਧਿਆ ਹੈ | ਪੁਲਿਸ ਅਧਿਕਾਰੀਆਂ ਨੇ ਭਰੋਸਾ ਜਤਾਇਆ ਕਿ ਐੱਸ. ਪੀ. ਬਰਾੜ ਨਵੀਂ ਜ਼ਿੰਮੇਵਾਰੀ ਨੂੰ ਵੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ | ਇਸੇ ਦੌਰਾਨ ਐੱਸ. ਪੀ. ਬਿਕਰਮਜੀਤ ਸਿੰਘ ਬਰਾੜ ਨੇ ਸਾਰੇ ਸਾਥੀਆਂ ਅਤੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੀ ਭਲਾਈ, ਸੁਰੱਖਿਆ ਅਤੇ ਸੇਵਾ ਲਈ ਸਦਾ ਤਿਆਰ ਰਹਿਣਗੇ |