ਮਾਜਰੀ, 14 ਫਰਵਰੀ (ਕੁਲਵੰਤ ਸਿੰਘ ਧੀਮਾਨ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੈੱਸ 'ਚ ਛਪੇ ਬਿਆਨ 'ਤੇ ਹੈਰਾਨੀ ਪ੍ਰਗਟਾਉਂਦਿਆਂ ਇਸ ਨੂੰ ਤੱਥਾਂ ਤੋਂ ਪਰ੍ਹੇ ਅਤੇ ਹਾਸੋਹੀਣਾ ਕਰਾਰ ਦਿੱਤਾ ਹੈ | ਕੰਗ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਦਾਅਵਾ ਕਿ 'ਉਹ 2027 ਦੀਆਂ ਚੋਣਾਂ ਵਿਕਾਸ ਕਾਰਜਾਂ ਤੇ ਆਪਣੀ ਕਾਰਗੁਜ਼ਾਰੀ ਦੇ ਆਧਾਰ 'ਤੇ ਲੜਨਗੇ ਅਤੇ ਜਿੱਤਣਗੇ' ਬਿਲਕੱੁਲ ਬੇਬੁਨਿਆਦ ਹੈ | ਕੰਗ ਨੇ ਦੋਸ਼ ਲਗਾਇਆ ਕਿ ਸੂਬੇ ਅਤੇ ਖ਼ਾਸ ਤੌਰ 'ਤੇ ਉਨ੍ਹਾਂ ਦੇ ਹਲਕਾ ਖਰੜ ਦੇ ਪਿੰਡਾਂ ਕੁੱਬਾਹੇੜੀ, ਮੀਆਂਪੁਰ ਚੰਗਰ, ਅਭੀਪੁਰ, ਹਰਨਾਮਪੁਰਾ, ਸੁਲੇਮਪੁਰ, ਸੈਣੀਮਾਜਰਾ ਅਤੇ ਖਿਜ਼ਰਾਬਾਦ ਆਦਿ 'ਚ ਮਿਲੀਭੁਗਤ ਨਾਲ ਸ਼ਰ੍ਹੇਆਮ ਟਿੱਪਰਾਂ ਤੇ ਟਰੈਕਟਰ-ਟਰਾਲੀਆਂ ਰਾਹੀਂ ਨਾਜਾਇਜ਼ ਮਾਈਨਿੰਗ ਹੋ ਰਹੀ ਹੈ | ਇਸ ਤੋਂ ਇਲਾਵਾ ਸੂਬੇ 'ਚ ਅਮਨ-ਕਾਨੂੰਨ ਦੀ ਸਥਿਤੀ ਇੰਨੀ ਮਾੜੀ ਹੈ ਕਿ ਦਿਨ-ਦਿਹਾੜੇ ਪਿੰਡਾਂ, ਸ਼ਹਿਰਾਂ, ਦਫ਼ਤਰਾਂ ਬਾਜ਼ਾਰਾਂ ਆਦਿ 'ਚ ਕਤਲ ਅਤੇ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਸ਼ਰ੍ਹੇਆਮ ਵਾਪਰ ਰਹੀਆਂ ਹਨ | ਸਾਬਕਾ ਮੰਤਰੀ ਕੰਗ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਪੰਜਾਬ ਦੀ ਸਰਕਾਰ ਦਿੱਲੀ ਤੋਂ ਰਿਮੋਟ ਕੰਟਰੋਲ ਰਾਹੀਂ ਚਲਾਈ ਜਾ ਰਹੀ ਹੈ, ਜਦਕਿ ਪੰਜਾਬ ਦੇ ਕਾਬਿਲ ਅਫ਼ਸਰਾਂ ਨੂੰ ਖੁੱਡੇ ਲਾਈਨ ਲਗਾ ਕੇ ਦਿੱਲੀ ਦੇ ਚਹੇਤਿਆਂ ਨੂੰ ਅਹਿਮ ਅਹੁਦਿਆਂ 'ਤੇ ਬਿਠਾਇਆ ਗਿਆ ਹੈ |