ਜ਼ੀਰਕਪੁਰ, 28 ਅਪ੍ਰੈਲ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਨੌਜਵਾਨ ਦੀ ਸ਼ਿਕਾਇਤ 'ਤੇ ਫਲੈਟ 'ਚ ਦਾਖ਼ਲ ਹੋ ਕੇ ਉਸ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਨਾਮਜ਼ਦ ਕਰਦਿਆਂ ਤਿੰਨ ਹੋਰਨਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੁਲਕਿਤ ਸੈਣੀ ਮੂਲ ਵਾਸੀ ਕੈਥਲ ਤੇ ਹਾਲ ਵਾਸੀ ਮਾਇਆ ਗਾਰਡਨ ਸਿਟੀ ਨੇ ਕਿਹਾ ਕਿ ਉਹ ਇਕ ਕੈਬ ਡਰਾਈਵਰ ਹੈ ਅਤੇ ਆਪਣੇ ਦੋਸਤ ਬੂਬਨ ਰਹੇਜਾ ਉਰਫ਼ ਨੂਰ ਨਾਲ ਇਕ ਫਲੈਟ 'ਚ ਰਹਿੰਦਾ ਹੈ | ਸ਼ਨੀਵਾਰ ਸਵੇਰੇ ਲਗਭਗ 11 ਵਜੇ ਜਿਵੇਂ ਵੀ ਫਲੈਟ ਦੇ ਦਰਵਾਜ਼ੇ ਦੀ ਬੈੱਲ ਵੱਜੀ ਤੇ ਉਸ ਦੇ ਦੋਸਤ ਨੇ ਦਰਵਾਜ਼ਾ ਖੋਲਿ੍ਹਆ ਤਾਂ ਦੀਪਕ ਸਚਦੇਵਾ ਤੇ ਉਸ ਦੇ ਤਿੰਨ ਸਾਥੀ ਜ਼ਬਰਦਸਤੀ ਫਲੈਟ 'ਚ ਦਾਖ਼ਲ ਹੋ ਗਏ | ਇਸ ਤੋਂ ਬਾਅਦ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਉਸ ਨੂੰ ਘੇਰ ਲਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ | ਦੀਪਕ ਨੇ ਉਸ ਦੇ ਸਿਰ 'ਤੇ ਲੋਹੇ ਦੇ ਤਵੇ ਨਾਲ ਕਈ ਵਾਰ ਕੀਤੇ, ਜਦਕਿ ਹੋਰਨਾਂ ਮੁਲਜ਼ਮਾਂ ਨੇ ਉਸ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ | ਇੱਥੇ ਹੀ ਬਸ ਨਹੀਂ ਮੁਲਜ਼ਮ ਨੇ ਹਮਲੇ ਦੀ ਵੀਡੀਓ ਵੀ ਬਣਾਈ | ਜਦੋਂ ਰੌਲਾ ਸੁਣ ਕੇ ਗੁਆਂਢੀ ਇਕੱਠੇ ਹੋਏ ਤਾਂ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖਮੀ ਨੌਜਵਾਨ ਨੂੰ ਇਲਾਜ ਲਈ ਪਹਿਲਾਂ ਢਕੌਲੀ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੋਂ ਉਸ ਨੂੰ ਜੀ. ਐਮ. ਸੀ. ਐਚ. ਸੈਕਟਰ-32 ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ | ਇਲਾਜ ਤੋਂ ਬਾਅਦ ਪੀੜਤ ਨੇ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ |