ਖਰੜ, 29 ਅਪ੍ਰੈਲ (ਜੰਡਪੁਰੀ)-ਪੰਜਾਬ ਸਰਕਾਰ ਨੇ ਹਾਲੇ ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਕੋਈ ਐਲਾਨ ਨਹੀਂ ਕੀਤਾ, ਪਰ ਸੰਭਾਵੀ ਉਮੀਦਵਾਰਾਂ ਵਲੋਂ ਆਪਣੇ ਵਾਰਡਾਂ ਵਿਚ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਜਿਥੇ ਇਨ੍ਹਾਂ ਚੋਣਾਂ 'ਚ ਨਵੇਂ ਚਿਹਰੇ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨਾਂ 'ਤੇ ਚੋਣ ਲੜਨ ਦੀ ਦੌੜ 'ਚ ਹਨ, ਉੱਥੇ ਹੀ ਕਈ ਤਜ਼ਰਬੇਕਾਰ ਤੇ ਸਾਬਕਾ ਕੌਂਸਲਰ ਆਜ਼ਾਦ ਤੌਰ 'ਤੇ ਚੋਣ ਲੜਨ ਦੇ ਚਾਹਵਾਨ ਦਿਖਾਈ ਦੇ ਰਹੇ ਹਨ ਕਿਉਂਕਿ ਉਹ ਤੇ ਕਈ ਨਵੇਂ ਚਿਹਰੇ ਆਪਣੇ ਸਿਆਸੀ ਪਾਰਟੀਆਂ ਦੇ ਉੱਚ ਆਗੂਆਂ ਨੂੰ ਇਹ ਆਖਦੇ ਵੀ ਦੇਖੇ ਗਏ ਹਨ ਕਿ ਮੈਨੂੰ ਥਾਪੜਾ ਦਿਓ, ਅਸੀਂ ਟਿਕਟ ਤੇ ਚੋਣ ਨਿਸ਼ਾਨ ਨਹੀਂ ਲੈਣਾ, ਪਰ ਸੀਟ ਜਿੱਤ ਕੇ ਝੋਲੀ ਪਾਵਾਂਗੇ | ਉਨ੍ਹਾਂ ਮੁਤਾਬਿਕ ਆਜ਼ਾਦ ਤੌਰ 'ਤੇ ਚੋਣ ਜਿੱਤ ਕੇ ਉਨ੍ਹਾਂ 'ਤੇ ਕਿਸੇ ਦਾ ਦਬਾਅ ਨਹੀਂ ਰਹਿੰਦਾ ਅਤੇ ਅਜਿਹੇ 'ਚ ਜਿੱਥੇ ਉਹ ਪ੍ਰਧਾਨ ਚੁਣਨ ਮੌਕੇ ਪਹਾੜਾਂ ਦੀਆਂ ਸੈਰਾਂ ਕਰਦੇ ਹੋਏ ਵਧੀਆ ਖਾਣਿਆਂ ਦਾ ਲੁਤਫ਼ ਲੈਂਦੇ ਹਨ, ਉਥੇ ਹੀ ਉਨ੍ਹਾਂ ਦੀ ਵਧੀਆ ਤਰੀਕੇ ਨਾਲ ਪੁੱਛ-ਪ੍ਰਤੀਤ ਵੀ ਹੁੰਦੀ ਹੈ | ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਿਕ ਖਰੜ ਸ਼ਹਿਰ ਦੇ 27 ਵਾਰਡਾਂ ਦੀ ਰਿਜ਼ਰਵੇਸ਼ਨ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਸਾਬਕਾ ਕੌਂਸਲਰਾਂ ਨੂੰ ਆਪਣੇ ਨੇੜੇ-ਤੇੜੇ ਦੇ ਵਾਰਡਾਂ 'ਚ ਵੀ ਖੜ੍ਹਨ ਜੋਗਾ ਨਹੀਂ ਛੱਡਿਆ ਗਿਆ | ਵਾਰਡਬੰਦੀ ਨੇ ਪੁਰਾਣੇ ਕੌਂਸਲਰਾਂ ਨੂੰ ਦਰੱਖ਼ਤਾਂ ਦੀ ਛੰਗਾਈ ਦੀ ਤਰ੍ਹਾਂ ਛਾਂਗ ਕੇ ਰੱਖ ਦਿੱਤਾ ਹੈ | ਖਰੜ ਦੇ ਕਰੀਬ 27 ਵਾਰਡਾਂ ਵਿਚ ਹੀ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਪਰ ਪਿਛਲੇ ਇਕ-ਦੋ ਦਿਨਾਂ ਤੋਂ ਸੰਭਾਵਿਤ ਉਮੀਦਵਾਰਾਂ ਵਿਚ ਇਸ ਗੱਲ ਨੂੰ ਲੈ ਕੇ ਬੇਚੈਨੀ ਪਾਈ ਜਾ ਰਹੀ ਹੈ ਕਿ ਸ਼ਹਿਰ ਦੀ ਪੁਰਾਣੀ ਵਾਰਡਬੰਦੀ ਮੁੜ ਲਾਗੂ ਨਾ ਹੋ ਜਾਵੇ, ਪਰ ਸਰਕਾਰ ਨੇ ਪੂਰੇ ਪੰਜਾਬ ਸੰਬੰਧੀ ਜੋ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ, ਉਸ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਕਿਆਸਅਰਾਈ ਨਹੀਂ ਲਗਾਈ ਜਾ ਸਕਦੀ | ਦੂਜੇ ਪਾਸੇ ਸਿਆਸੀ ਪਾਰਟੀਆਂ ਦੇ ਆਗੂ ਵੀ ਆਪਣੀ ਪਾਰਟੀ ਦੇ ਚਿੰਨ 'ਤੇ ਉਮੀਦਵਾਰ ਖੜ੍ਹੇ ਕਰਨ ਲਈ ਵਾਰਡਾਂ 'ਚ ਖੁੰਡ ਚਰਚਾ ਕਰ ਰਹੇ ਹਨ |