ਚੰਡੀਗੜ੍ਹ, 29 ਅਪ੍ਰੈਲ (ਕਪਿਲ ਵਧਵਾ) ਕਰੀਬ 16 ਮਹੀਨਿਆਂ ਬਾਅਦ ਅਦਾਲਤ ਦੇ ਹੁਕਮਾਂ 'ਤੇ ਵਿਹੁਅਤਾ ਵਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ਵਿਚ ਦਾਜ ਮੌਤ ਦਾ ਪਰਚਾ ਦਰਜ ਕੀਤਾ ਗਿਆ ਹੈ | ਥਾਣਾ ਸੈਕਟਰ-34, ਚੰਡੀਗੜ੍ਹ ਪੁਲਿਸ ਵਲੋਂ ਲੜਕੀ ਦੇ ਭਰਾ ਗੁਰਤੇਜ ਸਿੰਘ ਦੀ ਸ਼ਿਕਾਇਤ 'ਤੇ ਅਮਰਜੀਤ ਸਿੰਘ, ਦੀਪ ਸਿੰਘ, ਮੱਖਣ ਸਿੰਘ, ਕਰਮਜੀਤ ਕੌਰ ਅਤੇ ਹੋਰਾਂ ਖ਼ਿਲਾਫ਼ ਬੀ. ਐਨ. ਐਸ. ਦੀ ਧਾਰਾ 80 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਅਨੁਸਾਰ ਉਸ ਦੀ ਭੈਣ ਮਨਪ੍ਰੀਤ ਕੌਰ (29) ਨੂੰ ਵਿਆਹ ਤੋਂ ਬਾਅਦ ਵਧੇਰੇ ਦਾਜ ਲਿਆਉਣ ਲਈ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ | ਇਸ ਤੰਗ ਪੇ੍ਰਸ਼ਾਨੀ ਤੋਂ ਦੁਖੀ ਹੋ ਕੇ ਮਨਪ੍ਰੀਤ ਕੌਰ ਨੇ 7 ਜਨਵਰੀ 2025 ਨੂੰ ਆਪਣੇ ਸਹੁਰੇ ਘਰ ਵਿਖੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ | ਜਿਸ ਤੋਂ ਬਾਅਦ ਇਹ ਮਾਮਲਾ ਸਥਾਨਕ ਥਾਣੇ ਵਿਚ ਪਹੁੰਚਿਆ ਜਿੱਥੇ ਪੀੜਤ ਪੱਖ ਦੀ ਸੁਣਵਾਈ ਨਾ ਹੋਣ 'ਤੇ ਮਜਬੂਰਨ ਲੜਕੀ ਦੇ ਭਰਾ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ | ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਦਾਲਤ ਦੇ ਹੁਕਮਾਂ ਤੇ ਐਫ. ਆਈ. ਆਰ. ਦਰਜ ਕੀਤੀ ਗਈ ਹੈ | ਤਫ਼ਤੀਸ਼ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |