ਚੰਡੀਗੜ੍ਹ, 30 ਅਪ੍ਰੈਲ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸੈਕਟਰ-39 ਪੁਲਿਸ ਨੇ ਦੋ ਪਹੀਆ ਵਾਹਨ ਚੋਰੀ ਦੇ ਮਾਮਲਿਆਂ ਵਿਚ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ 5 ਦੋ ਪਹੀਆ ਵਾਹਨ ਬਰਾਮਦ ਕੀਤੇ ਹਨ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਅਜੈ ਕੁਮਾਰ ਵਾਸੀ ਪਿੰਡ ਝਾਮਪੁਰ, ਜ਼ਿਲ੍ਹਾ ਮੁਹਾਲੀ ਅਤੇ ਪ੍ਰਮੋਦ ਵਾਸੀ ਮਲੋਆ ਕਾਲੋਨੀ, ਚੰਡੀਗੜ੍ਹ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਇਹ ਕਾਰਵਾਈ ਥਾਣਾ ਸੈਕਟਰ-39 ਦੇ ਐਸ.ਐਚ.ਓ. ਇੰਸਪੈਕਟਰ ਰਾਜੀਵ ਕੁਮਾਰ ਦੀ ਟੀਮ ਵਲੋਂ ਕੀਤੀ ਗਈ | ਪੁਲਿਸ ਅਨੁਸਾਰ 12 ਜਨਵਰੀ ਨੂੰ ਦਰਜ ਈ-ਐਫ.ਆਈ.ਆਰ. ਤਹਿਤ ਰਾਜ ਕੁਮਾਰ ਵਾਸੀ ਮਲੋਆ ਕਾਲੋਨੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਵਾਹਨ ਨੰਬਰ ਸੀ.ਐਚ.-01-ਬੀ.ਕੇ.-1159 ਸੈਕਟਰ-40 ਡੀ ਮਾਰਕੀਟ ਪਾਰਕਿੰਗ, ਕਿਸਾਨ ਮੰਡੀ ਨੇੜੇ ਤੋਂ ਚੋਰੀ ਹੋ ਗਿਆ ਸੀ | ਜਾਂਚ ਦੌਰਾਨ ਪੁਲਿਸ ਨੇ ਮੁਲਜ਼ਮ ਅਜੈ ਕੁਮਾਰ ਨੂੰ 29 ਅਪ੍ਰੈਲ ਨੂੰ ਗਿ੍ਫ਼ਤਾਰ ਕੀਤਾ | ਇਸ ਮਾਮਲੇ ਵਿਚ ਬੀ.ਐਨ.ਐਸ. ਦੀ ਧਾਰਾ 303(2) ਤਹਿਤ ਕੇਸ ਦਰਜ ਕਰਕੇ ਬਾਅਦ ਵਿਚ ਧਾਰਾ 317(2) ਵੀ ਜੋੜੀ ਗਈ | ਇਸੇ ਤਰ੍ਹਾਂ ਸਾਲ 2019 ਦੇ ਇਕ ਹੋਰ ਮਾਮਲੇ ਵਿਚ ਮਨਪ੍ਰੀਤ ਕੌਰ ਵਾਸੀ ਸੈਕਟਰ-37 ਨੇ ਸ਼ਿਕਾਇਤ ਦਿੱਤੀ ਸੀ ਕਿ ਉਸਦੀ ਐਕਟਿਵਾ ਨੰਬਰ ਸੀ.ਐਚ.-01-ਬੀ.ਐਫ.-5094 ਘਰ ਦੇ ਬਾਹਰੋਂ ਚੋਰੀ ਹੋ ਗਈ ਸੀ | ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਪ੍ਰਮੋਦ ਨੂੰ 29 ਅਪ੍ਰੈਲ ਨੂੰ ਗਿ੍ਫ਼ਤਾਰ ਕੀਤਾ | ਪੁਲਿਸ ਅਨੁਸਾਰ ਇਸ ਕੇਸ ਵਿਚ ਆਈ.ਪੀ.ਸੀ. ਦੀ ਧਾਰਾ 379 ਤਹਿਤ ਮਾਮਲਾ ਦਰਜ ਹੋਇਆ ਸੀ ਅਤੇ ਬਾਅਦ ਵਿਚ ਧਾਰਾ 411 ਜੋੜੀ ਗਈ | ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਕੁੱਲ 5 ਦੋ ਪਹੀਆ ਵਾਹਨ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿਚ ਸੀ.ਐਚ.-01-ਏ.ਜ਼ੈੱਡ.-5251, ਸੀ.ਐਚ.-01-ਬੀ.ਕੇ.-1159, ਸੀ.ਐਚ.-01-ਬੀ.ਐਸ.-5094, ਏ.ਪੀ.-04-ਬੀ.ਪੀ.-5355 ਅਤੇ ਬਿਨਾਂ ਨੰਬਰ ਵਾਲੀ ਹੋਂਡਾ ਸ਼ਾਮਲ ਹੈ | ਪੁਲਿਸ ਅਨੁਸਾਰ ਦੋਵਾਂ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ | ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ |