ਸਿਰਸਾ, 30 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਰੋਡਵੇਜ਼ ਵਰਕਰਜ਼ ਯੂਨੀਅਨ ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਨਰਿੰਦਰ ਦਿਨੋਦ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦਾ ਸੰਚਾਲਨ ਜਨਰਲ ਸਕੱਤਰ ਸੁਮੇਰ ਸਿਵਾਚ ਨੇ ਕੀਤਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਜਨਰਲ ਸਕੱਤਰ ਸੁਮੇਰ ਸਿਵਾਚ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ | ਰੋਡਵੇਜ਼ ਵਿਭਾਗ ਨੂੰ ਵੱਡੇ ਪੂੰਜੀਪਤੀਆਂ ਦੇ ਹਵਾਲੇ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ | ਚਾਰ ਕਿਰਤ ਕੋਡ ਲਾਗੂ ਕੀਤੇ ਜਾ ਰਹੇ ਹਨ, ਜਿਸ ਨਾਲ ਕਰਮਚਾਰੀਆਂ ਦੇ ਅਧਿਕਾਰਾਂ ਨੂੰ ਘਟਾ ਦਿੱਤਾ ਗਿਆ ਹੈ | ਉਨ੍ਹਾਂ ਨੇ ਫਾਇਰ ਕਰਮਚਾਰੀਆਂ ਦੀ ਹੜਤਾਲ ਦੇ ਚਲਦਿਆਂ ਰੋਡਵੇਜ ਦੇ ਡਰਾਈਵਰਾਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਚਲਾਉਣ ਲਈ ਭੇਜੇ ਜਾਣ ਦੀ ਨਿੰਦਾ ਕਰਦਿਆਂ ਹੜਤਾਲੀ ਕਰਮਚਾਰੀਆਂ ਦੀ ਹਮਾਇਤ ਕੀਤੀ ਅਤੇ ਰੋਡਵੇਜ ਦੇ ਮੁਲਾਜ਼ਮਾਂ ਨੂੰ ਵਾਪਿਸ ਬੁਲਾਉਣ ਦੀ ਮੰਗ ਕੀਤੀ | ਹੋਰ ਮੰਗਾਂ ਦਾ ਜਿਕਰ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ | ਵਿਭਾਗ ਦੇ ਬੇੜੇ ਵਿੱਚ 10,000 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣ | ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ | ਭਵਿੱਖ ਵਿੱਚ ਸਿਰਫ ਪੱਕੀ ਭਰਤੀ ਕੀਤੀ ਜਾਵੇ | ਡਰਾਈਵਰਾਂ ਲਈ 53,100 ਅਤੇ ਕੰਡਕਟਰਾਂ ਅਤੇ ਕਲਰਕਾਂ ਲਈ 35,400 ਦਾ ਤਨਖਾਹ ਸਕੇਲ ਲਾਗੂ ਕੀਤਾ ਜਾਵੇ | ਡਰਾਈਵਰਾਂ ਦੀ ਤਰੱਕੀ ਲਈ 194 ਡਿਪੂ ਇੰਚਾਰਜ ਅਸਾਮੀਆਂ ਬਣਾਈਆਂ ਜਾਣ | ਗਰੁੱਪ ਡੀ ਵਰਕਸ਼ਾਪ ਦੇ ਕਰਮਚਾਰੀਆਂ ਨੂੰ ਆਮ ਕੇਡਰ ਤੋਂ ਹਟਾ ਕੇ ਤਕਨੀਕੀ ਤਨਖਾਹ ਸਕੇਲ ਦੇ ਕੇ ਤਰੱਕੀ ਦਾ ਲਾਭ ਦਿੱਤਾ ਜਾਵੇ | 2008 ਵਿੱਚ ਭਰਤੀ ਹੋਏ ਕੰਡਕਟਰਾਂ ਨੂੰ ਤੁਰੰਤ ਖਾਲੀ ਸਬ-ਇੰਸਪੈਕਟਰ ਅਹੁਦਿਆਂ 'ਤੇ ਤਰੱਕੀ ਦਿੱਤੀ ਜਾਵੇ | 10 ਸਾਲਾਂ ਦੇ ਬਕਾਇਆ ਬੋਨਸ ਦਾ ਭੁਗਤਾਨ ਕੀਤਾ ਜਾਵੇ | ਕਰਮਚਾਰੀਆਂ 'ਤੇ ਲਗਾਏ ਜਾ ਰਹੇ ਚਾਰ ਲੇਬਰ ਕੋਡ ਵਾਪਸ ਲਏ ਜਾਣ | ਫਾਇਰ ਵਿਭਾਗ ਵਿੱਚ ਤਾਇਨਾਤ ਰੋਡਵੇਜ਼ ਡਰਾਈਵਰਾਂ ਨੂੰ ਤੁਰੰਤ ਵਾਪਸ ਬੁਲਾਇਆ ਜਾਵੇ |