ਚੰਡੀਗੜ੍ਹ, 30 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ) - ਰਾਜਧਾਨੀ ਚੰਡੀਗੜ੍ਹ ਸਮੇਤ ਨਾਲ ਲੱਗਦੇ ਖੇਤਰਾਂ ਵਿਚ ਅੱਜ ਸ਼ਾਮ ਸਮੇਂ ਬੱਦਲਾਂ ਦੀ ਭਾਰੀ ਗਰਜ ਦੇ ਨਾਲ ਮੀਂਹ ਪਿਆ ਅਤੇ ਕਈ ਥਾਵਾਂ 'ਤੇ ਗੜੇ ਵੀ ਪਏ | ਜਿਸ ਨਾਲ ਟ੍ਰਾਈਸਿਟੀ ਵਾਸੀਆਂ ਨੂੰ ਸਖ਼ਤ ਗਰਮੀ ਤੋਂ ਭਾਰੀ ਰਾਹਤ ਮਿਲੀ | ਟ੍ਰਾਈਸਿਟੀ ਵਿਚ ਭਲਕੇ ਮੌਸਮ ਖ਼ੁਸ਼ਕ ਅਤੇ ਸਾਫ਼ ਰਹਿਣ ਦੀ ਪੇਸ਼ਨਗੋਈ ਕੀਤੀ ਗਈ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਜ਼ੀਰਕਪੁਰ, ਡੇਰਾਬਸੀ ਅਤੇ ਲਾਲੜੂ ਵਿਚ ਦਰਮਿਆਨਾ ਮੀਂਹ ਬਰਸਿਆ | ਕੁੱਝ ਖੇਤਰਾਂ ਵਿਚ 50 ਕਿਲੋਮੀਟਰ ਪ੍ਰਤੀ ਘੰਟਾ ਦਰ ਨਾਲ ਤੇਜ਼ ਹਵਾਵਾਂ ਚੱਲੀਆਂ | ਚੰਡੀਗੜ੍ਹ ਦੇ ਕੁੱਝ ਸੈਕਟਰਾਂ, ਜ਼ੀਰਕਪੁਰ, ਡੇਰਾਬਸੀ ਅਤੇ ਲਾਲੜੂ ਵਿਚ ਗੜੇਮਾਰੀ ਵੀ ਹੋਈ | ਮੀਂਹ ਪੈਣ ਨਾਲ ਦਿਨ ਦੇ ਤਾਪਮਾਨ ਵਿਚ ਕਮੀ ਆਈ, ਜਿਸ ਦੇ ਚਲਦਿਆਂ ਚੰਡੀਗੜ੍ਹ ਵਿਚ ਦਿਨ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |