ਐੱਸ. ਏ. ਐੱਸ. ਨਗਰ, 30 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਪਿ੍ੰਸੀਪਲ ਜਨਗਣਨਾ ਅਧਿਕਾਰੀ ਕੋਮਲ ਮਿੱਤਲ ਵਲੋਂ ਅੱਜ 'ਜਨਗਣਨਾ ਭਾਰਤ' ਦੇ ਤਹਿਤ ਸਵੈ-ਗਣਨਾ ਪ੍ਰਕਿਰਿਆ ਦੀ ਸ਼ੁਰੂਆਤ ਕਰਵਾਉਂਦੇ ਹੋਏ ਆਪਣੇ ਵੇਰਵੇ ਪੋਰਟਲ 'ਤੇ ਦਰਜ ਕੀਤੇ ਗਏ | ਇਸ ਮੌਕੇ ਡੀ. ਸੀ. ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਵੈ-ਗਣਨਾ ਪ੍ਰਕਿਰਿਆ ਬਹੁਤ ਹੀ ਆਸਾਨ, ਯੂਜ਼ਰ-ਫਰੈਂਡਲੀ ਅਤੇ ਸੁਵਿਧਾਜਨਕ ਹੈ | ਉਨ੍ਹਾਂ ਕਿਹਾ ਕਿ ਨਾਗਰਿਕ se.census.gov.in ਪੋਰਟਲ 'ਤੇ ਲਾਗ-ਇੰਨ ਕਰਕੇ ਘਰ ਦੇ ਮੁਖੀ ਦਾ ਨਾਂਅ ਅਤੇ ਮੋਬਾਈਲ ਨੰਬਰ ਦਰਜ ਕਰਨ ਉਪਰੰਤ ਓ. ਟੀ. ਪੀ. ਰਾਹੀਂ ਪ੍ਰਮਾਣਿਤ ਕਰ ਸਕਦੇ ਹਨ | ਇਸ ਤੋਂ ਬਾਅਦ ਜਿਓ-ਲੋਕੇਸ਼ਨ ਦੇ ਨਾਲ ਸਵੈ-ਗਣਨਾ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਪੋਰਟਲ 'ਤੇ ਮੰਗੀ ਜਾਣ ਵਾਲੀ ਜਾਣਕਾਰੀ ਆਮ ਹੁੰਦੀ ਹੈ, ਜਿਸ 'ਚ ਮਕਾਨ ਦੀ ਕਿਸਮ (ਕੱਚਾ ਜਾਂ ਪੱਕਾ), ਕਮਰਿਆਂ ਦੀ ਗਿਣਤੀ, ਪਰਿਵਾਰ ਦੇ ਮੈਂਬਰਾਂ ਦੀ ਗਿਣਤੀ, ਮਾਲਕੀ ਦੀ ਸਥਿਤੀ, ਵਿਆਹੁਤਾ ਜੋੜਿਆਂ ਦੀ ਗਿਣਤੀ, ਪੀਣ ਵਾਲੇ ਪਾਣੀ ਤੇ ਬਿਜਲੀ ਦੀ ਉਪਲੱਬਧਤਾ, ਐਲ. ਪੀ. ਜੀ./ਪੀ. ਐਨ. ਜੀ. ਕੁਨੈਕਸ਼ਨ ਅਤੇ ਰੇਡੀਓ, ਟੈਲੀਵਿਜ਼ਨ, ਮੋਬਾਈਲ/ਸਮਾਰਟ ਫ਼ੋਨ, ਸਾਈਕਲ, ਦੋ-ਪਹੀਆ ਤੇ ਚਾਰ-ਪਹੀਆ ਵਾਹਨਾਂ ਵਰਗੀਆਂ ਸਹੂਲਤਾਂ ਸ਼ਿਾਮਲ ਹਨ | ਉਨ੍ਹਾਂ ਦੱਸਿਆ ਕਿ ਸਾਰੀ ਜਾਣਕਾਰੀ ਭਰਨ ਤੋਂ ਬਾਅਦ ਇਕ ਸੈਲਫ਼ ਐਨਯੂਮੇਰੇਸ਼ਨ ਆਈ. ਡੀ. ਜਨਰੇਟ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਇਸ ਜਾਣਕਾਰੀ ਨੂੰ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਗਿਣਤੀ ਦੌਰਾਨ ਗਣਨਾਕਾਰ ਦੇ ਦੌਰੇ ਮੌਕੇ ਅੰਤਿਮ ਪ੍ਰਮਾਣਿਕਤਾ ਤੋਂ ਪਹਿਲਾਂ ਸੋਧਿਆ ਵੀ ਜਾ ਸਕਦਾ ਹੈ | ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਗਣਨਾਕਾਰ ਦੀ ਪਛਾਣ ਲਈ ਉਸ ਦਾ ਸਰਕਾਰੀ/ਜਨ-ਗਣਨਾ ਆਈ. ਡੀ. ਕਾਰਡ ਜ਼ਰੂਰ ਚੈੱਕ ਕਰਨ | ਉਨ੍ਹਾਂ ਸਪੱਸ਼ਟ ਕੀਤਾ ਕਿ ਸਵੈ-ਗਣਨਾ ਦੌਰਾਨ ਬੈਂਕ ਖਾਤੇ ਜਾਂ ਲੈਣ-ਦੇਣ ਬਾਰੇ ਕੋਈ ਜਾਣਕਾਰੀ ਨਹੀਂ ਮੰਗੀ ਜਾਵੇਗੀ, ਇਸ ਲਈ ਲੋਕ ਧੋਖਾਧੜੀ ਤੋਂ ਸਾਵਧਾਨ ਰਹਿਣ | ਉਨ੍ਹਾਂ ਕਿਹਾ ਕਿ ਜਨ-ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਅਤੇ ਸਪੈਸ਼ਲ ਡੀ. ਜੀ. ਪੀ. (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਵਲੋਂ ਵੀ ਆਪਣੇ ਘਰਾਂ ਤੋਂ ਹੀ ਸਵੈ-ਗਣਨਾ ਤਹਿਤ ਆਪਣੀ ਜਾਣਕਾਰੀ ਪੋਰਟਲ 'ਤੇ ਭਰੀ ਗਈ | ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ 30 ਅਪ੍ਰੈਲ ਤੋਂ ਸ਼ੁਰੂ ਹੋ ਕੇ 14 ਮਈ ਤੱਕ ਜਾਰੀ ਰਹੇਗੀ, ਜਦਕਿ 15 ਮਈ ਤੋਂ ਲੈ ਕੇ 13 ਜੂਨ ਤੱਕ ਘਰ-ਘਰ ਜਾ ਕੇ ਜਨ-ਗਣਨਾ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਜਾਵੇਗਾ |