ਨੰਗਲ, 30 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਬਲਾਕ ਕਾਂਗਰਸ ਕਮੇਟੀ ਨੰਗਲ ਵਲੋਂ ਅੱਜ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਅਗਵਾਈ ਹੇਠ 'ਆਪ' ਸਰਕਾਰ ਵਲੋਂ ਅਗਾਮੀਂ ਨਗਰ ਕੌਂਸਲ ਨੰਗਲ ਚੋਣਾਂ ਜਿੱਤਣ ਲਈ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੀਆਂ ਵੋਟਾਂ ਨੰਗਲ ਸ਼ਹਿਰ 'ਚ ਬਣਾਏ ਜਾਣ ਦੇ ਇਲਜ਼ਾਮ ਲਗਾਉਦੇਂ ਹੋਏ ਸ਼ਹਿਰ 'ਚ ਰੋਸ ਮਾਰਚ ਕੀਤਾ ਗਿਆ ਅਤੇ ਐਸ. ਡੀ. ਐਮ. ਦਫ਼ਤਰ ਮੂਹਰੇ ਕੜਕਦੀ ਧੁੱਪ ਵਿਚ ਰੋਹ ਭਰਪੂਰ ਧਰਨਾ ਮਾਰਿਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਕਾਂਗਰਸੀ ਆਂ ਨੇ ਭਾਗ ਲਿਆ | ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੌਂਸਲ ਚੋਣਾਂ ਨੰੂ ਲੁੱਟਣਾ ਚਾਹੁੰਦੀ ਹੈ | ਹਰੇਕ ਵਾਰਡ 'ਚ 300 ਤੋਂ 400 ਵੋਟਾਂ ਬਾਹਰੀ ਲੋਕਾਂ ਦੀਆਂ ਬਣਾਈਆਂ ਜਾ ਰਹੀਆਂ ਹਨ | ਰਾਣਾ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਆਪ ਆਗੂ ਆਪਣੇ ਘਰਾਂ ਵਿਚ ਤਾਂ ਵੋਟਾਂ ਬਣਾ ਹੀ ਰਹੇ ਹਨ ਪਰ ਜਿਹੜੀਆਂ ਕਲੋਨੀਆਂ ਨੂੰ ਢਾਹੁਣ ਦੇ ਹੁਕਮ ਹਨ ਉੱਥੇ ਹੀ ਵੋਟਾਂ ਬਣਾਈਆਂ ਗਈਆਂ | ਇਹ ਵੀ ਸਪੱਸ਼ਟ ਹੈ ਕਿ ਆਪ ਨੇ ਮੁੜ ਸੱਤਾ ਵਿਚ ਨਹੀਂ ਆਉਣਾ ਅਤੇ ਉਨਾਂ ਨੂੰ ਹੁਣ ਕੌਂਸਲ ਵਿਚ ਹਾਰ ਵਿਖਾਈ ਦੇ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਨੇ ਪਹਿਲਾਂ ਵਾਰਡਬੰਦੀ ਬਦਲੀ ਜਿਸਦੇ ਖ਼ਿਲਾਫ਼ ਉੱਚ ਅਦਾਲਤ ਵਿਚ ਅਸੀਂ ਰਿੱਟ ਪਾਈ, ਜਿਸਨੂੰ ਮਨਜ਼ੂਰ ਕਰਕੇ ਵਾਰਡਬੰਦੀ ਬਦਲਣ ਤੋਂ ਰੋਕੀ | ਹੁਣ ਫਿਰ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਚੋਟੀ ਦੇ ਆਗੂਆਂ ਨੂੰ ਸੱਤਾ ਤੋਂ ਬਾਹਰ ਧੱਕਣ ਲਈ ਵਾਰਡਾਂ ਦਾ ਰਾਖਵਾਂਕਰਨ ਕਰ ਦਿੱਤਾ ਗਿਆ, ਜਿਸਦੇ ਖ਼ਿਲਾਫ਼ ਵੀ ਮੁੜ ਸਾਨੂੰ ਉੱਚ ਅਦਾਲਤ 'ਚ ਜਾਣਾ ਪਿਆ ਅਤੇ ਹਾਲੇ ਕੇਸ ਪੈਡਿੰਗ ਹੈ |