ਮੋਰਿੰਡਾ, 30 ਅਪ੍ਰੈਲ (ਪਿ੍ਤਪਾਲ ਸਿੰਘ)-ਕੜਾਕੇ ਦੀ ਗਰਮੀ ਵਿਚ ਲੱਗ ਰਹੇ ਬਿਜਲੀ ਦੇ ਲੰਮੇ ਲੰਮੇ ਕੱਟਾਂ ਤੋਂ ਪ੍ਰੇਸ਼ਾਨ ਇਲਾਕਾ ਵਾਸੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਦੀ ਅਗਵਾਈ ਹੇਠ ਐਸ.ਡੀ.ਐਮ ਮੋਰਿੰਡਾ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਹਰਮੋਹਣ ਸਿੰਘ ਸੰਧੂ ਅਤੇ ਐਸ.ਜੀ.ਪੀ.ਸੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਨੇ ਕਿਹਾ ਕਿ ਪੰਜਾਬ ਵਿਚ ਲੱਗ ਰਹੇ ਬਿਜਲੀ ਕੱਟਾਂ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇੱਕ ਪਾਸੇ ਮੁਫ਼ਤ ਬਿਜਲੀ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ, ਦੂਜੇ ਪਾਸੇ ਬਿਜਲੀ ਦੇ ਕਈ ਕਈ ਘੰਟਿਆਂ ਦੇ ਕੱਟਾਂ ਨੇ ਪੰਜਾਬ ਵਾਸੀਆਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ | ਬਿਜਲੀ ਦੇ ਕੱਟਾ ਕਾਰਨ ਜਿੱਥੇ ਗਰਮੀ ਵਿਚ ਆਮ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ, ਉੱਥੇ ਹੀ ਛੋਟੇ ਤੇ ਵੱਡੇ ਕਾਰੋਬਾਰੀਆਂ ਦੇ ਕਾਰੋਬਾਰ ਚੌਪਟ ਹੋ ਕੇ ਰਹਿ ਗਏ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭੰਡਾਂ ਦੀ ਤਰ੍ਹਾਂ ਹਰੇਕ ਸਮੱਸਿਆ ਦਾ ਹੱਲ ਚੁਟਕਲਾ ਸੁਣਾ ਕੇ ਕਰਨਾ ਚਾਹੁੰਦੇ ਹਨ ਪਰ ਆਮ ਲੋਕਾਂ ਨੂੰ ਚੁਟਕਲੇ ਨਹੀਂ ਠੋਸ ਹੱਲ ਚਾਹੁੰਦੇ ਹਨ | ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਥਰਮਲ ਪਲਾਂਟ ਬਣੇ ਇਹਨਾਂ ਕਰਕੇ ਬਿਜਲੀ ਸਰਪਲਸ ਸੀ, ਉਸ ਸਮੇਂ ਕਿਸਾਨਾਂ ਦੇ ਟਿਊਬਵੈੱਲਾਂ ਦੇ ਬਿਲ ਮੁਆਫ਼ ਕਰਕੇ ਵੀ 24 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਂਦੀ ਸੀ | ਪਰ ਅੱਜ ਵਪਾਰੀ ਵਰਗ ਦੇ ਨਾਲ਼ ਨਾਲ਼ ਘਰੇਲੂ ਖਪਤਕਾਰ ਵੀ ਬਿਜਲੀ ਕੱਟਾਂ ਦੀ ਮਾਰ ਝੱਲ ਰਿਹਾ ਹੈ | ਇਸ ਮੌਕੇ ਮਨਦੀਪ ਸਿੰਘ ਰੌਣੀ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਪਰਮਜੀਤ ਸਿੰਘ ਸੈਣੀ, ਬਲਦੇਵ ਸਿੰਘ ਚੱਕਰ, ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰ, ਹਰਨੇਕ ਸਿੰਘ ਧਨੌਰੀ, ਊਧਮ ਸਿੰਘ ਰਾਣਾ, ਬਲਜੀਤ ਸਿੰਘ ਅਰਨੌਲੀ, ਜਗਮੀਤ ਸਿੰਘ ਨਕਸ਼ਾ ਨਵੀਸ ਅਤੇ ਹਰਪ੍ਰੀਤ ਸਿੰਘ ਸੰਗਤਪੁਰਾ ਆਦਿ ਹਾਜ਼ਰ ਸਨ |