13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਥੀਏਟਰ (ਰੰਗ-ਮੰਚ) ਦਾ ਹਿੱਸਾ ਬਣਨ 'ਤੇ ਵਧੇਰੇ ਆਤਮ ਵਿਸ਼ਵਾਸ ਪੈਦਾ ਹੋਇਐ-ਬਲਜੀਤ ਰਾਣੋ <br/>

ਅਜੀਤ ਡੈਸਕ 18-05-2026
ਚੰਡੀਗੜ੍ਹ, 17 ਮਈ (ਅਜਾਇਬ ਸਿੰਘ ਅÏਜਲਾ)-'ਥੀਏਟਰ (ਰੰਗ-ਮੰਚ) ਦਾ ਹਿੱਸਾ ਬਣਨ 'ਤੇ ਆਤਮ ਵਿਸ਼ਵਾਸ ਵਧੇਰੇ ਵਧਿਆ ਹੈ, ਉੱਥੇ ਅਭਿਨੈ ਖੇਤਰ ਦੀਆਂ ਬਰੀਕੀਆਂ ਨੂੰ ਵੀ ਜਾਨਣ ਦਾ ਵਧੀਆ ਮੌਕਾ ਮਿਲਿਆ ਹੈ.... |'' ਇਹ ਗੱਲ ਇੱਥੇ ਬਹੁਪੱਖੀ ਫ਼ਨਕਾਰਾ ਬਲਜੀਤ ਰਾਣੋ ਵਲੋਂ ਸਾਂਝੀ ਕੀਤੀ ਗਈ | ਉਨ੍ਹਾਂ ਇਹ ਵੀ ਕਿਹਾ ਕਿ ਅਜੋਕੇ ਦੌਰ ਵਿਚ ਸੁੰਦਰਤਾ ਦੇ ਨਾਲੋਂ ਕਲਾ ਦੀ ਮਹੱਤਤਾ ਵਧੇਰੇ ਹੋ ਗਈ ਹੈ ਖਾਸ ਕਰਕੇ ਅਭਿਨੈ ਖੇਤਰ ਵਿਚ ਹੁਣ ਅਦਾਕਾਰੀ ਨੂੰ ਹੀ ਦਰਸ਼ਕ ਪਹਿਲ ਦੇ ਰਹੇ ਹਨ | ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿਛੋਕੜ ਨਾਲ ਪਿਤਾ ਨਛੱਤਰ ਸਿੰਘ ਅਤੇ ਮਾਤਾ ਸ੍ਰੀਮਤੀ ਗੁਰਮੇਲ ਕੌਰ ਦੇ ਘਰ ਜਨਮੀ ਤੇ ਹੁਣ ਚੰਡੀਗੜ੍ਹ ਸ਼ਹਿਰ ਵਿਚ ਵਿਚਰ ਰਹੀ ਬਲਜੀਤ ਰਾਣੋ ਨੇ ਇੱਕ ਸਵਾਲ ਤੇ ਜਵਾਬ ਵਿਚ ਦੱਸਿਆ ਕਿ ਜਦੋਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਉਚੇਰੀ ਸਿੱਖਿਆ ਲੈ ਰਹੀ ਸੀ ਤਦ ਉਸ ਦਾ ਅਦਾਕਾਰੀ ਪ੍ਰਤੀ ਰੁਝਾਨ ਪੈਦਾ ਹੋਇਆ | ਉਨ੍ਹਾਂ ਇਹ ਵੀ ਦੱਸਦੇ ਹੋਏ ਖ਼ੁਸ਼ੀ ਜ਼ਾਹਿਰ ਕੀਤੀ ਕਿ ਉਹ ਆਪਣੀ ਪੜ੍ਹਾਈ ਦੇ ਦੌਰਾਨ ਅਥਲੈਟਿਕਸ 100 ਮੀਟਰ ਦੌੜ ਤੇ 200 ਮੀਟਰ ਦੌੜ ਦੇ ਨਾਲ ਨਾਲ ਕਬੱਡੀ ਦੀ ਖੇਡ ਪ੍ਰਤੀ ਵੀ ਸਰਗਰਮੀ ਨਾਲ ਹਿੱਸਾ ਲੈਂਦੀ ਰਹੀ ਹੈ | ਇੱਕ ਹੋਰ ਸਵਾਲ ਦੇ ਜਵਾਬ ਵਿਚ ਬਲਜੀਤ ਰਾਣੋ ਨੇ ਕਿਹਾ ਕਿ ਉਸ ਨੂੰ ਸਕੂਲ ਸਮੇਂ ਤੋਂ ਨਿ੍ਤ ਪ੍ਰਤੀ ਕਾਫੀ ਲਗਾਓ ਰਿਹਾ ਹੈ ,ਜਿਸ ਕਰਕੇ ਉਸ ਨੇ ਫੋਕ ਨਾਚਾਂ ਦੀਆਂ ਪੇਸ਼ਕਾਰੀਆਂ ਵਿਚ ਵੀ ਵੱਧ ਚੜ ਕੇ ਸ਼ਮੂਲੀਅਤ ਕੀਤੀ | ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਮਿਲੀ ਹਲਾਸ਼ੇਰੀ ਤੇ ਜਸਪਾਲ ਸਿੰਘ ਵੱਲੋਂ ਢੁਕਵੇਂ ਸਹਿਯੋਗ ਨੇ ਉਸ ਦੇ ਲਈ ਕਲਾ ਖੇਤਰ ਚ ਨਿਵੇਕਲੇ ਰਾਹ ਖੋਲੇ | ਪੰਜਾਬੀ ਗੀਤ ਸੰਗੀਤ ਪ੍ਰਤੀ ਚੰਗੀ ਦਿਲਚਸਪੀ ਰੱਖਣ ਵਾਲੀ ਬਲਜੀਤ ਕੌਰ ਨੇ ਕਿਹਾ ਕਿ ਸੰਗੀਤ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੋਣ ਦੇ ਨਾਲ ਨਾਲ ਰੂਹ ਦੀ ਖ਼ੁਰਾਕ ਵੀ ਹੈ, ਉੱਥੇ ਪੰਜਾਬੀ ਕਲਚਰ, ਪੰਜਾਬੀ ਭਾਸ਼ਾ ਤੇ ਪੰਜਾਬੀ ਜ਼ੁਬਾਨ ਵਿਚ ਆਪਣਾਪਣ ਵੀ ਵਧੇਰੇ ਹੈ | ਅਦਾਕਾਰੀ ਪ੍ਰਤੀ ਗੱਲ ਕਰਦਿਆਂ ਬਲਜੀਤ ਰਾਣੋ ਨੇ ਕਿਹਾ ਕਿ ਗਲੈਮਰ ਬਹੁਤੀ ਦੇਰ ਨਹੀਂ ਚੱਲਦਾ ਅਭਿਨੈ ਦੀ ਹੀ ਕਦਰ ਪੈਂਦੀ ਹੈ | ਵੱਖ ਵੱਖ ਰਾਜਾਂ ਦੇ ਲੋਕ ਨਾਚਾਂ ਪ੍ਰਤੀ ਚੰਗੀ ਮੁਹਾਰਤ ਰੱਖਣ ਵਾਲੀ ਫਨਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਕਿਸੇ ਵੀ ਖੇਤਰ ਵਿਚ ਲੰਮੇ ਸਮੇਂ ਤੱਕ ਟਿਕੇ ਰਹਿਣ ਲਈ ਤੁਹਾਨੂੰ ਹਰ ਦਿਨ ਕਰੜੀ ਮਿਹਨਤ ਨਾਲ ਹੀ ਵਿਚਰਨਾ ਪੈਂਦਾ ਹੈ | ਤੁਸੀਂ ਇੱਕ ਪੇਸ਼ਕਾਰੀ ਜਾਂ ਸ਼ੋਅ ਨੂੰ ਸਫਲ ਸਮਝ ਕੇ ਨਹੀਂ ਚੱਲ ਸਕਦੇ, ਸਫਲਤਾ ਨੂੰ ਬਣਾਈ ਰੱਖਣ ਲਈ ਤੁਹਾਨੂੰ ਬਰਾਬਰ ਲਗਨ, ਉਤਸ਼ਾਹ ਅਤੇ ਸਖਤ ਮਿਹਨਤ ਦੇ ਸੁਮੇਲ ਵਿਚ ਗੁਜ਼ਰਨਾ ਹੀ ਪੈਂਦਾ ਹੈ | ਇੱਕ ਹੋਰ ਸਵਾਲ ਦੇ ਜਵਾਬ ਵਿਚ ਸੋਹਣੇ ਨੈਣ- ਨਕਸ਼ ਵਾਲੀ ,ਪੰਜ ਫੁੱਟ ਅੱਠ ਇੰਚ ਲੰਮੇ ਕੱਦ ਵਾਲੀ ਫ਼ਨਕਾਰਾ ਬਲਜੀਤ ਰਾਣੋ ਨੇ ਕਿਹਾ ਕਿ ਮਾਡਲਿੰਗ ਖੇਤਰ ਵੱਲ ਮੁਟਿਆਰਾਂ ਦਾ ਰੁਝਾਨ ਥੋੜ੍ਹਾ ਇਸ ਕਰਕੇ ਵਧਿਆ ਹੈ ਕਿਉਂਕਿ ਇਸ ਨੂੰ ਫਿਲਮਾਂ ਲਈ ਇੱਕ ਸੁਖਾਲਾ ਰਾਹ ਵੀ ਮੰਨਿਆ ਜਾ ਰਿਹਾ ਹੈ, ਜਿਸ ਤਰਾਂ ਕਿ ਪਹਿਲਾਂ ਵੀ ਮਾਡਲ ਸੁੰਦਰੀਆਂ ਨੇ ਫਿਲਮੀ ਖੇਤਰ ਵਿਚ ਪ੍ਰਵੇਸ਼ ਲਿਆ | ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਪੱਛਮੀ ਪ੍ਰਭਾਵਾਂ ਹੇਠ ਸਾਡੀ ਨੌਜਵਾਨ ਪੀੜ੍ਹੀ ਵਧੇਰੇ ਜਕੜੀ ਜਾ ਰਹੀ ਹੈ ਇਸ ਦੇ ਮੱਦੇ ਨਜ਼ਰ ਸਾਡੇ ਨਿਰਮਾਤਾਵਾਂ ਨੂੰ ਆਪਣੇ ਕਲਚਰ ,ਵਿਰਸੇ ਪ੍ਰਤੀ ਫਿਲਮਾਂ ਦਾ ਨਿਰਮਾਣ ਕਰਨ ਚਾਹੀਦਾ ਹੈ ਜੋ ਸਮੇਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਪੰਜਾਬ ਹਿੰਮਤ ਵਾਲੇ ਲੋਕਾਂ ਦੀ ਖ਼ੂਬਸੂਰਤ ਥਾਂ ਹੈ ਇੱਥੋਂ ਦੇ ਸੱਭਿਆਚਾਰ ਤੇ ਸਖਸ਼ੀਅਤ ਨੂੰ ਪੇਸ਼ਕਾਰੀਆਂ ਚ ਪ੍ਰਮੁੱਖਤਾ ਨਾਲ ਦਿਖਾਉਣਾ ਚਾਹੀਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਸੰਗੀਤ, ਫੋਕ ਗਾਇਕੀ ਤੇ ਲੋਕ ਸਾਜਾਂ ਦੀਆਂ ਧੁਨਾਂ ਵਿਚ ਵਿਚਰਦੇ ਸੰਗੀਤ ਨੇ ਇਹ ਗੱਲ ਸੱਚ ਕਰ ਵਿਖਾਈ ਹੈ ਕਿ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ ਤੇ ਸੰਗੀਤ ਦਾ ਕੋਈ ਦੇਸ਼ ਨਹੀਂ ਹੁੰਦਾ | ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਸੋਸ਼ਲ ਮੀਡੀਆ ਦੇ ਯੁੱਗ ਵਿਚ ਸਾਡੇ ਪਰਿਵਾਰਕ ਰਿਸ਼ਤੇ ਨਾਤਿਆਂ ਨੂੰ ਕਾਫੀ ਢਾਹ ਲੱਗੀ ਹੈ ਸਾਰੇ ਰਿਸ਼ਤੇ ਅੰਕਲ, ਆਂਟੀ ਵਿਚ ਸਿਮਟ ਕੇ ਰਹਿ ਗਏ ਹਨ | ਅਜੋਕੀ ਪੀੜ੍ਹੀ ਇਸ ਤੋਂ ਅਣਜਾਣ ਹੁੰਦੀ ਜਾ ਰਹੀ ਹੈ,ਕੋਈ ਪਤਾ ਨਹੀਂ ਚੱਲਦਾ ਕਿ ਰਿਸ਼ਤੇ ਵਿਚ ਕੌਣ ਸਾਡਾ ਕੀ ਲੱਗਦਾ ਹੈ | ਜਿਸ ਕਰਕੇ ਰਿਸ਼ਤਿਆਂ ਵਿਚ ਅਪਣੱਤ ਗੁਆਚਦੀ ਜਾ ਰਹੀ ਹੈ |

ਪਿਛਲੀ ਖ਼ਬਰ ਸ਼ੱਕ ਦੇ ਆਧਾਰ 'ਤੇ ਰੋਕਿਆ ਨੌਜਵਾਨ ਨਿਕਲਿਆ ਨਸ਼ਾ ਤਸਕਰ, ਪੁਲਿਸ ਨੇ ਕੀਤਾ ਕਾਬੂ ਅਗਲੀ ਖ਼ਬਰ ਪੇਪਰ ਲੀਕ ਘੁਟਾਲਿਆਂ ਨੇ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਕੀਤਾ ਬਰਬਾਦ, ਸਿੱਖਿਆ ਮੰਤਰੀ ਦੇਵੇ ਅਸਤੀਫ਼ਾ-ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।