ਚੰਡੀਗੜ੍ਹ, 17 ਮਈ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਪੁਲਿਸ ਵਲੋਂ ਗਸ਼ਤ ਦੌਰਾਨ ਰੋਕਿਆ ਗਿਆ ਇੱਕ ਨੌਜਵਾਨ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ, ਜਿਸ ਦੀ ਅਗਲੇਰੀ ਜਾਂਚ ਜਾਰੀ ਹੈ | ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੈਕਟਰ 49 ਪੁਲਿਸ ਟੀਮ ਨੇ ਇਹ ਸਫ਼ਲਤਾ ਹਾਸਲ ਕੀਤੀ ਹੈ | ਪੁਲਿਸ ਜਾਣਕਾਰੀ ਅਨੁਸਾਰ 16 ਮਈ 2026 ਨੂੰ ਐਸ.ਆਈ ਕਿਰਨ ਪਾਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਸੈਕਟਰ-48 ਮੋਟਰ ਮਾਰਕੀਟ ਨੇੜੇ ਗਸ਼ਤ 'ਤੇ ਸੀ | ਇਸ ਦੌਰਾਨ ਇੱਕ ਨੌਜਵਾਨ ਸੈਕਟਰ 48 ਡੀ/ਰੋਡ ਵਲੋਂ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਸ਼ੱਕੀ ਹਾਲਤ 'ਚ ਵਾਪਸ ਮੁੜਨ ਲੱਗਾ | ਸ਼ੱਕ ਦੇ ਆਧਾਰ 'ਤੇ ਪੁਲਿਸ ਵਲੋਂ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਉਸ ਨੇ ਆਪਣੀ ਪਹਿਚਾਣ ਮੁਹਾਲੀ ਦੇ ਜਗਤਪੁਰਾ ਦੇ ਰਹਿਣ ਵਾਲੇ ਦੀਪਕ ਕੁਮਾਰ (20) ਵਜੋਂ ਦੱਸੀ | ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ ਕੁੱਲ 6.62 ਗ੍ਰਾਮ (ਹੀਰੋਇਨ ਅਤੇ ਮੈਥਾਕੁਆਲੋਨ ਦਾ ਮਿਸ਼ਰਣ) ਬਰਾਮਦ ਕੀਤਾ ਗਿਆ | ਇਸ ਦੌਰਾਨ ਦੋਸ਼ੀ ਕੋਲੋਂ ਕਿਸੇ ਵੀ ਤਰਾਂ ਦਾ ਲਾਇਸੈਂਸ ਜਾਂ ਪਰਮਿਟ ਪੇਸ਼ ਨਹੀਂ ਕੀਤਾ ਜਾ ਸਕਿਆ | ਇਸ ਸਬੰਧੀ ਥਾਣਾ ਸੈਕਟਰ-49 'ਚ ਐਨ.ਡੀ.ਪੀ.ਐਸ ਐਕਟ ਦੀ ਧਾਰਾ ਧਾਰਾ 21, 22 ਤਹਿਤ ਐਫ.ਆਈ.ਆਰ ਦਰਜ਼ ਕੀਤਾ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ |