ਚੰਡੀਗੜ੍ਹ, 17 ਮਈ (ਸੰਦੀਪ ਕੁਮਾਰ ਮਾਹਨਾ)ਇੰਡਸਟਰੀਅਲ ਏਰੀਆ ਪੁਲਿਸ ਸਟੇਸ਼ਨ ਅਧੀਨ ਆਉਂਦੇ ਇਲਾਕੇ ਦੜੂਆ 'ਚ ਹੋਏ ਨੌਜਵਾਨ ਸੂਰਜ ਦੇ ਕਤਲ ਮਾਮਲੇ ਦੀ ਜਾਂਚ ਦੌਰਾਨ ਚੰਡੀਗੜ੍ਹ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਕ ਮੁੱਖ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਦੇ ਨਾਲ-ਨਾਲ ਚਾਰ ਨਾਬਾਲਗਾਂ ਨੂੰ ਵੀ ਕਾਬੂ ਕੀਤਾ ਹੈ | ਪੁਲਿਸ ਨੇ ਦੋਸ਼ੀ ਕੋਲੋਂ ਖ਼ੂਨ ਨਾਲ ਲਿੱਬੜੇ ਚਾਕੂ ਦਾ ਹੈਂਡਲ ਅਤੇ ਵਾਰਦਾਤ ਦੌਰਾਨ ਵਰਤੇ ਗਏ ਦੋ ਚਾਕੂ ਵੀ ਬਰਾਮਦ ਕੀਤੇ ਹਨ | ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਜ਼ਿਲ੍ਹਾ ਕ੍ਰਾਈਮ ਸੈੱਲ ਦੇ ਇੰਚਾਰਜ ਇੰਸਪੈਕਟਰ ਚਿਰੰਜੀ ਲਾਲ ਅਤੇ ਇੰਡਸਟਰੀਅਲ ਏਰੀਆ ਥਾਣੇ ਦੇ ਐੱਸ.ਐੱਚ.ਓ ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਜਾਂਚ ਨੂੰ ਅੱਗੇ ਵਧਾਉਂਦਿਆਂ ਦੋਸ਼ੀਆਂ ਤੱਕ ਪਹੁੰਚ ਬਣਾਈ | ਪੁਲਿਸ ਅਨੁਸਾਰ ਇਹ ਮਾਮਲਾ ਧੀਰਜ ਕੁਮਾਰ ਦੇ ਬਿਆਨਾਂ 'ਤੇ ਦਰਜ਼ ਕੀਤਾ ਗਿਆ ਸੀ, ਜਿਸ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਜੁੜਵਾ ਭਰਾ ਸੂਰਜ ਨਾਲ ਘਰ 'ਚ ਮੌਜੂਦ ਸੀ | ਸ਼ਾਮ ਕਰੀਬ 6 ਵਜੇ ਸੂਰਜ ਕਿਸੇ ਨਿੱਜੀ ਕੰਮ ਲਈ ਦਰਿਆ ਪਿੰਡ ਦੀ ਮਾਰਕੀਟ ਗਿਆ ਸੀ | ਕੁਝ ਸਮੇਂ ਬਾਅਦ ਜਦੋਂ ਉਹ ਵੀ ਮਾਰਕੀਟ ਵੱਲ ਜਾ ਰਿਹਾ ਸੀ ਤਾਂ ਲੋਕਾਂ ਨੂੰ 18 ਫੁੱਟੀ ਸੜਕ ਵੱਲ ਭੱਜਦੇ ਦੇਖ ਉਹ ਵੀ ਮੌਕੇ ਵੱਲ ਦੌੜਿਆ | ਰਾਹ ਵਿਚ ਇਕ ਵਿਅਕਤੀ ਨੇ ਉਸ ਨੂੰ ਦੱਸਿਆ ਕਿ 6 ਤੋਂ 7 ਨੌਜਵਾਨ ਚਾਕੂਆਂ ਨਾਲ ਇਕ-ਦੂਜੇ 'ਤੇ ਹਮਲਾ ਕਰ ਰਹੇ ਸਨ, ਮੌਕੇ 'ਤੇ ਪਹੁੰਚਣ 'ਤੇ ਉਸ ਨੇ ਦੇਖਿਆ ਕਿ ਉੱਥੇ ਕਾਫੀ ਖੂਨ ਵਗਿਆ ਹੋਇਆ ਸੀ | ਲੋਕਾਂ ਨੇ ਉਸ ਨੂੰ ਦੱਸਿਆ ਕਿ ਜ਼ਖ਼ਮੀ ਨੌਜਵਾਨ ਆਪਣੇ ਆਪ ਨੂੰ ਸੂਰਜ ਦੱਸ ਰਿਹਾ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ | ਜਿਸ ਤੋਂ ਬਾਅਦ ਉਹ ਵੀ ਤੁਰੰਤ ਹਸਪਤਾਲ ਪਹੁੰਚਿਆ, ਜਿੱਥੇ ਡਾਕਟਰਾਂ ਨੇ ਸੂਰਜ ਨੂੰ ਮਿ੍ਤਕ ਐਲਾਨ ਦਿੱਤਾ | ਧੀਰਜ ਨੇ ਦੋਸ਼ ਲਗਾਇਆ ਕਿ ਰਾਹੁਲ ਅਤੇ ਉਸ ਦੇ ਸਾਥੀਆਂ ਨੇ ਮਿਲ ਕੇ ਸੂਰਜ 'ਤੇ ਚਾਕੂਆਂ ਨਾਲ ਹਮਲਾ ਕਰਕੇ ਕਤਲ ਕੀਤਾ | ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਰਾਹੁਲ ਅਤੇ ਉਸ ਦੇ ਸਾਥੀ ਪਹਿਲਾਂ ਵੀ ਉਸ ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ | ਜਾਂਚ ਦੌਰਾਨ ਪੁਲਿਸ ਨੇ ਐਤਵਾਰ ਨੂੰ ਚਾਰ ਨਾਬਾਲਗਾਂ ਨੂੰ ਕਾਬੂ ਕਰਕੇ ਜੁਵੇਨਾਈਲ ਜਸਟਿਸ ਹੋਮ ਭੇਜ ਦਿੱਤਾ | ਇਸ ਮਾਮਲੇ 'ਚ ਮੁੱਖ ਦੋਸ਼ੀ ਰਾਹੁਲ ਉਰਫ਼ ਨੇਤਾ (21) ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਨੇ ਉਸ ਕੋਲੋਂ ਖ਼ੂਨ ਨਾਲ ਲਿੱਬੜਿਆ ਚਾਕੂ ਦਾ ਹੈਂਡਲ ਬਰਾਮਦ ਕੀਤਾ | ਪੁਲਿਸ ਨੇ ਅਦਾਲਤ ਤੋਂ ਦੋ ਦਿਨਾਂ ਦਾ ਰਿਮਾਂਡ ਹਾਸਲ ਕਰਕੇ ਦੋਸ਼ੀ ਤੋਂ ਪੁੱਛਗਿੱਛ ਕੀਤੀ, ਜਿਸ ਦੌਰਾਨ ਵਾਰਦਾਤ ਵਿਚ ਵਰਤੇ ਗਏ ਦੋ ਚਾਕੂ ਹੋਰ ਬਰਾਮਦ ਕੀਤੇ ਗਏ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨਾਲ ਸੰਬੰਧਿਤ ਹੋਰ ਪਹਿਲੂਆਂ ਦੀ ਜਾਂਚ ਜਾਰੀ ਹੈ ਅਤੇ ਵਾਰਦਾਤ ਦੇ ਅਸਲ ਕਾਰਨਾਂ ਨੂੰ ਖੰਘਾਲਿਆ ਜਾ ਰਿਹਾ ਹੈ | ਪੁਲਿਸ ਦਾ ਮੰਨਣਾ ਹੈ ਕਿ ਇਸ ਕਾਰਵਾਈ ਨਾਲ ਇਲਾਕੇ ਵਿਚ ਅਪਰਾਧਕ ਗਤੀਵਿਧੀਆਂ 'ਤੇ ਨਕੇਲ ਕੱਸਣ ਵਿਚ ਮਦਦ ਮਿਲੇਗੀ |