ਪੈਟਰੋਲ ਤੇ ਡੀਜ਼ਲ ਦੀ ਸੀਮਾ ਨਿਰਧਾਰਿਤ ਕੀਤੇ ਜਾਣ ਦੀਆਂ ਅਫ਼ਵਾਹਾਂ ਨੇ ਵਧਾਈ ਲੋਕਾਂ ਦੀ ਚਿੰਤਾ
ਚੰਡੀਗੜ੍ਹ ਦੇ ਸੈਕਟਰ-41 ਸਥਿਤ ਪੈਟਰੋਲ ਪੰਪ 'ਤੇ ਲੱਗੀਆਂ ਗੱਡੀਆਂ ਦੀਆਂ ਕਤਾਰਾਂ | ਤਸਵੀਰ : ਗੁਰਿੰਦਰ ਸਿੰਘ |
<br/>
19-05-2026
• ਪ੍ਰਸ਼ਾਸਨ ਨੇ ਜਾਰੀ ਕੀਤਾ ਸਪੱਸ਼ਟੀਕਰਨ
ਚੰਡੀਗੜ੍ਹ, 18 ਮਈ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ 'ਚ ਪੈਟਰੋਲ ਅਤੇ ਡੀਜ਼ਲ ਦੀ ਖ਼ਰੀਦ 'ਤੇ ਸੀਮਾ ਨਿਰਧਾਰਿਤ ਕੀਤੇ ਜਾਣ ਸਬੰਧੀ ਅਫ਼ਵਾਹ ਫੈਲਣ ਕਾਰਨ ਸੋਮਵਾਰ ਸਵੇਰੇ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ 'ਤੇ ਹੜਕੰਪ ਵਾਲੇ ਹਾਲਾਤ ਬਣ ਗਏ | ਸੈਕਟਰ 17 ਸਥਿਤ ਇਕ ਪੈਟਰੋਲ ਪੰਪ ਤੋਂ ਇਹ ਚਰਚਾ ਸ਼ੁਰੂ ਹੋਈ ਕਿ ਦੋਪਹੀਆ ਤੇ ਚਾਰ ਪਹੀਆ ਗੱਡੀਆਂ ਲਈ ਤੇਲ ਦੀ ਨਿਰਧਾਰਿਤ ਮਾਤਰਾ ਹੀ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਆਪਣੀਆਂ ਗੱਡੀਆਂ 'ਚ ਤੇਲ ਭਰਵਾਉਣ ਲਈ ਪੈਟਰੋਲ ਪੰਪਾਂ 'ਤੇ ਪਹੁੰਚਣ ਲੱਗ ਪਏ | ਦੇਖਦੇ ਹੀ ਦੇਖਦੇ ਸੈਕਟਰ 22, 34, 35, ਮਨੀਮਾਜਰਾ ਤੇ ਹੋਰ ਕਈ ਇਲਾਕਿਆਂ ਦੇ ਪੈਟਰੋਲ ਪੰਪਾਂ 'ਤੇ ਲੰਮੀਆਂ ਕਤਾਰਾਂ ਲੱਗ ਗਈਆਂ | ਕਈ ਥਾਵਾਂ 'ਤੇ ਗੱਡੀਆਂ ਦੀ ਭਾਰੀ ਭੀੜ ਕਾਰਨ ਟ੍ਰੈਫ਼ਿਕ ਜਾਮ ਵਰਗੇ ਹਾਲਾਤ ਵੀ ਬਣੇ ਰਹੇ | ਲੋਕਾਂ ਵਿਚ ਇਹ ਡਰ ਬਣ ਗਿਆ ਕਿ ਜੇਕਰ ਤੇਲ ਦੀ ਸਪਲਾਈ 'ਤੇ ਕਿਸੇ ਤਰ੍ਹਾਂ ਦੀ ਪਾਬੰਦੀ ਲੱਗ ਗਈ ਤਾਂ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵੀ ਪੈਟਰੋਲ ਤੇ ਡੀਜ਼ਲ ਦੀ ਸੀਮਾ ਸਬੰਧੀ ਸੁਨੇਹੇ ਤੇਜ਼ੀ ਨਾਲ ਵਾਇਰਲ ਹੋਣ ਲੱਗ ਪਏ | ਕਈ ਲੋਕ ਆਪਣੀਆਂ ਗੱਡੀਆਂ ਦੇ ਨਾਲ-ਨਾਲ ਕੈਨਾਂ ਤੇ ਹੋਰ ਡਿੱਬਿਆਂ ਵਿਚ ਵੀ ਤੇਲ ਭਰਵਾਉਣ ਲਈ ਪੰਪਾਂ 'ਤੇ ਪਹੁੰਚ ਗਏ | ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਤੁਰੰਤ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋਂ ਪੈਟਰੋਲ ਜਾਂ ਡੀਜ਼ਲ ਦੀ ਵਿੱਕਰੀ ਸਬੰਧੀ ਅਜਿਹਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ | ਡੀ.ਸੀ. ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਸ਼ਹਿਰ ਵਿਚ ਪੈਟਰੋਲ ਤੇ ਡੀਜ਼ਲ ਦਾ ਪੂਰਾ ਸਟਾਕ ਮੌਜੂਦ ਹੈ ਤੇ ਸਪਲਾਈ ਵੀ ਆਮ ਦਿਨਾਂ ਵਾਂਗ ਸੁਚਾਰੂ ਢੰਗ ਨਾਲ ਜਾਰੀ ਹੈ | ਡੀ.ਸੀ. ਨਿਸ਼ਾਂਤ ਕੁਮਾਰ ਯਾਦਵ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰਾਂ ਦੀ ਅਫ਼ਵਾਹ 'ਤੇ ਵਿਸ਼ਵਾਸ ਨਾ ਕਰਨ | ਉੱਧਰ, ਕੁੱਝ ਪੈਟਰੋਲ ਪੰਪ ਮਾਲਕਾਂ ਨੇ ਵੀ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ |