ਚੰਡੀਗੜ੍ਹ, 18 ਮਈ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਪੀ.ਜੀ. ਰਿਹਾਇਸ਼ਾਂ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋ ਕੇ ਲੜਕੀਆਂ/ਮਹਿਲਾਵਾਂ ਨੂੰ ਡਰਾਉਣ-ਧਮਕਾਉਣ ਦੇ ਮਾਮਲੇ ਵਿਚ ਇਕ ਮੁਲਜ਼ਮ ਨੂੰ ਕਮਾਨੀਦਾਰ ਚਾਕੂ ਸਮੇਤ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਦੀ ਪਛਾਣ ਡੱਡੂਮਾਜਰਾ ਵਾਸੀ 30 ਸਾਲਾ ਸੂਰਜ ਵਜੋਂ ਹੋਈ ਹੈ | ਚੰਡੀਗੜ੍ਹ ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਥਾਣਾ ਸੈਕਟਰ-39 ਵਿਚ 14 ਮਈ ਨੂੰ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿਚ ਬਾਅਦ ਵਿਚ ਅਸਲਾ ਐਕਟ ਦੀਆਂ ਧਾਰਾਵਾਂ 25, 54 ਅਤੇ 59 ਵੀ ਸ਼ਾਮਲ ਕੀਤੀਆਂ ਗਈਆਂ | ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਪਹਿਲਾਂ ਘਰੇਲੂ ਕੰਮ ਅਤੇ ਕਬਾੜ ਇਕੱਠਾ ਕਰਨ ਦਾ ਕੰਮ ਕਰਦਾ ਸੀ ਤੇ ਸੈਕਟਰ-15, 16, 17 ਸਮੇਤ ਕਈ ਇਲਾਕਿਆਂ ਨਾਲ ਭਲੀਭਾਂਤ ਜਾਣੂ ਸੀ | ਉਹ ਨਸ਼ੇ ਦੀ ਹਾਲਤ ਵਿਚ ਪੀ.ਜੀ. ਰਿਹਾਇਸ਼ਾਂ ਦੇ ਨੇੜੇ ਘੁੰਮਦਾ ਰਹਿੰਦਾ ਸੀ ਤੇ ਪਾਣੀ ਮੰਗਣ ਜਾਂ ਕਬਾੜ ਇਕੱਠਾ ਕਰਨ ਦੇ ਬਹਾਨੇ ਅੰਦਰ ਦਾਖ਼ਲ ਹੋ ਕੇ ਮਹਿਲਾਵਾਂ ਦੇ ਕਮਰਿਆਂ ਦੀ ਜਾਣਕਾਰੀ ਇਕੱਠੀ ਕਰਦਾ ਸੀ | ਦਿਨ ਦੌਰਾਨ ਰੇਕੀ ਕਰਨ ਤੋਂ ਬਾਅਦ ਉਹ ਰਾਤ ਸਮੇਂ ਮੁੜ ਉੱਥੇ ਪਹੁੰਚ ਜਾਂਦਾ ਸੀ | ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਕਈ ਪੀ.ਜੀ. ਰਿਹਾਇਸ਼ਾਂ ਦੇ ਮੁੱਖ ਗੇਟ ਤੇ ਕਮਰੇ ਰਾਤ ਸਮੇਂ ਖੁੱਲ੍ਹੇ ਰਹਿੰਦੇ ਸਨ ਜਿਸ ਕਾਰਨ ਮੁਲਜ਼ਮ ਨੂੰ ਅੰਦਰ ਦਾਖ਼ਲ ਹੋਣ ਦਾ ਮੌਕਾ ਮਿਲ ਜਾਂਦਾ ਸੀ | ਇਕ ਮਾਮਲੇ ਵਿਚ ਕੱੁਝ ਲੜਕੀਆਂ ਨੇ ਇਕ ਵਿਅਕਤੀ ਨੂੰ ਪੀ.ਜੀ. ਵਿਚ ਦਾਖ਼ਲ ਹੁੰਦਾ ਵੀ ਦੇਖਿਆ ਪਰ ਉਸ ਨੂੰ ਕਿਸੇ ਹੋਰ ਰਹਿਣ ਵਾਲੀ ਦਾ ਜਾਣਕਾਰ ਸਮਝ ਕੇ ਨਹੀਂ ਰੋਕਿਆ ਗਿਆ | ਪੁਲਿਸ ਅਨੁਸਾਰ ਮੁਲਜ਼ਮ ਲੋਕਾਂ ਨੂੰ ਡਰਾਉਣ ਲਈ ਆਪਣੇ ਕੋਲ ਕਮਾਨੀਦਾਰ ਚਾਕੂ ਰੱਖਦਾ ਸੀ | ਪੁਲਿਸ ਰਿਕਾਰਡ ਮੁਤਾਬਿਕ ਮੁਲਜ਼ਮ ਪਹਿਲਾਂ ਵੀ ਸਾਲ 2025 ਵਿਚ ਥਾਣਾ ਸੈਕਟਰ-11 ਵਲੋਂ ਝਗੜੇ ਦੇ ਇਕ ਮਾਮਲੇ ਵਿਚ ਕਾਬੂ ਕੀਤਾ ਜਾ ਚੁੱਕਾ ਹੈ | ਇਸ ਤੋਂ ਇਲਾਵਾ ਉਸ ਦੇ ਖ਼ਿਲਾਫ਼ ਥਾਣਾ ਸੈਕਟਰ-17 ਅਤੇ ਸੈਕਟਰ-39 ਵਿਚ ਹੋਰ ਮਾਮਲੇ ਵੀ ਦਰਜ ਹਨ | ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਦੀ ਅਗਵਾਈ ਪੁਲਿਸ ਪਾਰਟੀ ਨੇ ਗਿ੍ਫ਼ਤਾਰੀ ਉਪਰੰਤ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ | ਉੱਧਰ ਚੰਡੀਗੜ੍ਹ ਪੁਲਿਸ ਨੇ ਸਾਰੇ ਪੀ.ਜੀ. ਮਾਲਕਾਂ ਨੂੰ ਯੂ.ਟੀ. ਪ੍ਰਸ਼ਾਸਨ ਦੇ ਨਿਯਮਾਂ ਦੀ ਪਾਲਣਾ ਕਰਨ, ਸੀ.ਸੀ.ਟੀ.ਵੀ. ਕੈਮਰੇ ਲਗਾਉਣ ਤੇ ਮਹਿਲਾਵਾਂ ਦੀ ਸੁਰੱਖਿਆ ਲਈ ਸਖ਼ਤ ਐਕਸੈੱਸ ਕੰਟਰੋਲ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ |