10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਡੇਰਾਬੱਸੀ ਵਿਖੇ ਸ੍ਰੀ ਸੁਖਮਨੀ ਸਕੂਲ ਦੇ ਮੁਲਾਜ਼ਮਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਨੇ ਚੰਡੀਗੜ੍ਹ-ਅੰਬਾਲਾ ਹਾਈਵੇਅ ਕੀਤਾ ਜਾਮ <br/>

ਅਜੀਤ ਡੈਸਕ 23-05-2026
ਡੇਰਾਬੱਸੀ, 22 ਮਈ (ਰਣਬੀਰ ਸਿੰਘ ਪੜ•ੀ)- ਸ੍ਰੀ ਸੁਖਮਨੀ ਇੰਟਰਨੈਸ਼ਨਲ ਸਕੂਲ ਡੇਰਾਬੱਸੀ 'ਚੋਂ ਕਥਿਤ ਤੌਰ 'ਤੇ ਕੱਢੇ ਗਏ ਮੁਲਾਜ਼ਮਾਂ ਨੂੰ ਮੁੜ ਨੌਕਰੀ 'ਤੇ ਰੱਖਣ ਦੀ ਮੰਗ ਨੂੰ ਲੈ ਕੇ ਵੀਰਵਾਰ ਨੂੰ ਉਸ ਵੇਲੇ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ, ਜਦੋਂ ਸੰਯੁਕਤ ਕਿਸਾਨ ਮੋਰਚਾ, ਟਰੇਡ ਯੂਨੀਅਨਾਂ ਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਸੱਦੇ 'ਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਭੜਕੇ ਧਰਨਾਕਾਰੀਆਂ ਨੇ ਚੰਡੀਗੜ•-ਅੰਬਾਲਾ ਹਾਈਵੇਅ ਮੁਕੰਮਲ ਤੌਰ 'ਤੇ ਜਾਮ ਕਰ ਦਿੱਤਾ | ਹਾਈਵੇਅ ਜਾਮ ਹੋਣ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ | ਜਾਣਕਾਰੀ ਅਨੁਸਾਰ ਇਨਸਾਫ਼ ਪਸੰਦ ਜਥੇਬੰਦੀਆਂ ਵਲੋਂ ਸੁਖਮਨੀ ਕਾਲਜ ਦੇ ਮੁੱਖ ਗੇਟ ਅੱਗੇ ਲਗਾਤਾਰ ਰੋਸ ਧਰਨਾ ਦਿੱਤਾ ਜਾ ਰਿਹਾ ਸੀ | ਆਗੂਆਂ ਦਾ ਦੋਸ਼ ਸੀ ਕਿ ਅੱਤ ਦੀ ਗਰਮੀ 'ਚ ਘੰਟਿਆਂਬੱਧੀ ਬੈਠੇ ਰਹਿਣ ਦੇ ਬਾਵਜੂਦ ਕਾਲਜ ਪ੍ਰਬੰਧਕਾਂ ਜਾਂ ਸਥਾਨਕ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਉਨ•ਾਂ ਨਾਲ ਗੱਲਬਾਤ ਕਰਨ ਲਈ ਅੱਗੇ ਨਹੀਂ ਆਇਆ | ਇਸ ਪ੍ਰਸ਼ਾਸਨਿਕ ਬੇਰੁਖ਼ੀ ਤੋਂ ਖ਼ਫ਼ਾ ਹੋ ਕੇ ਪ੍ਰਦਰਸ਼ਨਕਾਰੀਆਂ ਨੇ ਕਾਲਜ ਦੇ ਮੁੱਖ ਗੇਟ ਨੂੰ ਤਾਲਾ ਜੜ• ਕੇ ਮੈਨੇਜਮੈਂਟ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ |
ਪੁਲਿਸ ਦੀ ਦਖ਼ਲਅੰਦਾਜ਼ੀ ਮਗਰੋਂ ਮਾਹੌਲ ਹੋਰ ਗਰਮਾਇਆ : ਕਾਲਜ ਦਾ ਗੇਟ ਬੰਦ ਹੋਣ ਕਾਰਨ ਕਾਲਜ 'ਚ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਦੇ ਸਾਹ ਸੂਤੇ ਗਏ ਅਤੇ ਮਾਹੌਲ ਤਣਾਅਪੂਰਨ ਬਣ ਗਿਆ | ਪੇਪਰ ਦਾ ਸਮਾਂ ਲੰਘਦਾ ਦੇਖ ਪ੍ਰੇਸ਼ਾਨ ਵਿਦਿਆਰਥੀਆਂ ਨੇ ਪੁਲਿਸ ਨੂੰ ਗੇਟ ਖੁੱਲ•ਵਾਉਣ ਦੀ ਗੁਹਾਰ ਲਗਾਈ | ਇਕ ਵਿਦਿਆਰਥੀ ਨੇ ਨਿੱਜੀ ਤੌਰ 'ਤੇ ਵੀ ਹੱਥ ਜੋੜ ਕੇ ਪ੍ਰਦਰਸ਼ਨਕਾਰੀਆਂ ਨੂੰ ਗੇਟ ਖੋਲ•ਣ ਦੀ ਅਪੀਲ ਕੀਤੀ ਪਰ ਪ੍ਰਦਰਸ਼ਨਕਾਰੀ 5 ਮਿੰਟ ਦੀ ਸਾਂਝੀ ਮੀਟਿੰਗ ਤੋਂ ਬਗ਼ੈਰ ਤਾਲਾ ਖੋਲ•ਣ ਲਈ ਤਿਆਰ ਨਹੀਂ ਹੋਏ | ਇਸ ਦੌਰਾਨ ਥਾਣਾ ਮੁਖੀ ਸੁਮਿਤ ਮੋਰ ਦੀ ਅਗਵਾਈ ਹੇਠ ਪੁਲਿਸ ਬਲ ਨੇ ਜਦੋਂ ਖ਼ੁਦ ਤਾਲਾ ਖੋਲ•ਣ ਦੀ ਕੋਸ਼ਿਸ਼ ਕੀਤੀ ਤਾਂ ਸਥਿਤੀ ਬੇਕਾਬੂ ਹੋ ਗਈ |
ਪੁਲਿਸ ਦਾ ਘੇਰਾ ਤੋੜ ਕੇ ਹਾਈਵੇਅ 'ਤੇ ਬੈਠੇ ਪ੍ਰਦਰਸ਼ਨਕਾਰੀ : ਪੁਲਿਸ ਦੀ ਕਾਰਵਾਈ ਤੋਂ ਰੋਹ 'ਚ ਆਏ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇਅ ਵੱਲ ਕੂਚ ਕਰ ਦਿੱਤਾ | ਪੁਲਿਸ ਨੇ ਉਨ•ਾਂ ਨੂੰ ਰੋਕਣ ਲਈ ਕਾਫੀ ਜਦੋ-ਜਹਿਦ ਕੀਤੀ ਪਰ ਪ੍ਰਦਰਸ਼ਨਕਾਰੀ ਬੈਰੀਕੇਡਿੰਗ ਪਾਰ ਕਰਦੇ ਹੋਏ ਹਾਈਵੇਅ ਦੇ ਵਿਚਕਾਰ ਜਾ ਕੇ ਬੈਠ ਗਏ | ਕਰੀਬ 20 ਮਿੰਟਾਂ ਤੱਕ ਨੈਸ਼ਨਲ ਹਾਈਵੇਅ 'ਤੇ ਆਵਾਜਾਈ ਪੂਰੀ ਤਰ•ਾਂ ਠੱਪ ਰਹੀ ਅਤੇ ਦੂਰ-ਦੂਰ ਤੱਕ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ | ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ. ਪੀ. ਵਿਕਰਮਜੀਤ ਸਿੰਘ ਬਰਾੜ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਉਨ•ਾਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਦਿਆਂ ਸਕੂਲ ਮੈਨੇਜਮੈਂਟ ਨਾਲ ਤਾਲਮੇਲ ਕਰਕੇ ਆਗਾਮੀ 3 ਜੂਨ ਨੂੰ ਸਾਂਝੀ ਮੀਟਿੰਗ ਦਾ ਸਮਾਂ ਨਿਰਧਾਰਤ ਕਰਵਾਇਆ | ਐਸ. ਪੀ. ਨੇ ਭਰੋਸਾ ਦਿੱਤਾ ਕਿ ਇਸ ਮੀਟਿੰਗ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਮੁਲਾਜ਼ਮਾਂ ਦੇ ਮਸਲੇ ਦਾ ਪੱਕਾ ਹੱਲ ਕੱਢਿਆ ਜਾਵੇਗਾ | ਪ੍ਰਸ਼ਾਸਨਿਕ ਭਰੋਸੇ ਤੋਂ ਬਾਅਦ ਜਥੇਬੰਦੀਆਂ ਨੇ ਹਾਈਵੇਅ ਤੋਂ ਜਾਮ ਖੋਲ• ਦਿੱਤਾ ਅਤੇ ਮੁੜ ਕਾਲਜ ਗੇਟ ਅੱਗੇ ਸ਼ਾਂਤਮਈ ਧਰਨੇ 'ਤੇ ਬੈਠ ਗਏ |
ਪੁਲਿਸ ਦੀ ਬਦਸਲੂਕੀ ਕਾਰਨ ਚੁੱਕਣਾ ਪਿਆ ਸਖ਼ਤ ਕਦਮ : ਕਾਮਰੇਡ ਚੁੱਘ : ਦੂਜੇ ਪਾਸੇ ਸੀ. ਪੀ. ਆਈ. ਦੇ ਆਗੂ ਕਾਮਰੇਡ ਚੁੱਘ ਨੇ ਪੁਲਿਸ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਮੌਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਜਥੇਬੰਦੀਆਂ ਦੇ ਆਗੂਆਂ ਨਾਲ ਬਦਸਲੂਕੀ ਤੇ ਧੱਕੇਸ਼ਾਹੀ ਕੀਤੀ, ਜਿਸ ਦੇ ਰੋਸ ਵਜੋਂ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਹਾਈਵੇਅ ਜਾਮ ਕਰਨ ਵਰਗਾ ਸਖ਼ਤ ਕਦਮ ਚੁੱਕਣਾ ਪਿਆ |

ਪਿਛਲੀ ਖ਼ਬਰ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਵਾਲੇ ਕਾਲਜ ਦੇ ਵਿਦਿਆਰਥੀ ਦੇ ਪਰਿਵਾਰ ਵਲੋਂ ਥਾਣੇ ਦੇ ਬਾਹਰ ਧਰਨਾ <br/> ਅਗਲੀ ਖ਼ਬਰ ਸਿੱਖਿਆ ਸਿਰਫ਼ ਕਰੀਅਰ ਨਹੀਂ, ਸਗੋਂ ਚੰਗੇ ਚਰਿੱਤਰ ਦੀ ਨੀਂਹ ਹੈ-ਰਾਜਪਾਲ ਕਟਾਰੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।