09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਿਧਾਇਕਾ ਅਨਮੋਲ ਗਗਨ ਮਾਨ ਟੀਮ ਸਮੇਤ ਸੈਣੀ ਦੇ ਗ੍ਰਹਿ ਪੁੱਜੇ

ਅਜੀਤ ਡੈਸਕ 23-05-2026
ਮਾਮਲਾ 'ਆਪ' ਵਲੋਂ ਕੌਂਸਲ ਚੋਣਾਂ ਦੌਰਾਨ
ਨਵਦੀਪ ਸਿੰਘ ਸੈਣੀ ਦੀ ਮਾਤਾ ਦੀ ਟਿਕਟ ਕੱਟੇ ਜਾਣ ਦਾ


ਕੁਰਾਲੀ, 22 ਮਈ (ਹਰਪ੍ਰੀਤ ਸਿੰਘ)- ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਵਲੋਂ ਅੱਜ ਆਪਣੇ ਅਤਿ-ਨਜ਼ਦੀਕੀ ਤੇ ਪਾਰਟੀ ਦੇ ਬਲਾਕ ਪ੍ਰਧਾਨ ਨਵਦੀਪ ਸਿੰਘ ਸੈਣੀ ਨਾਲ ਉਨ੍ਹਾਂ ਦੇ ਵਾ. ਨੰ. 5 ਸਥਿਤ ਗ੍ਰਹਿ ਵਿਖੇ ਪਹੁੰਚ ਕੇ ਮੁਲਾਕਾਤ ਕੀਤੀ ਗਈ | ਵਿਧਾਇਕਾ ਅਨਮੋਲ ਗਗਨ ਮਾਨ ਦੀ ਇਸ ਫੇਰੀ ਨੂੰ ਨਗਰ ਕੌਂਸਲ ਚੋਣਾਂ ਦੌਰਾਨ 'ਆਪ' ਦੇ ਮਾਡਲ ਟਾਊਨ (ਵਾ. ਨੰ. 5) ਤੋਂ ਨਵਦੀਪ ਸਿੰਘ ਸੈਣੀ ਦੇ ਪਰਿਵਾਰ ਦੀ ਬਜਾਏ ਪਾਰਟੀ ਦੇ ਦੂਜੇ ਧੜੇ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਦੇ ਨਜ਼ਦੀਕੀ ਗੁਰਸ਼ਰਨ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੂੰ ਟਿਕਟ ਦਿੱਤੇ ਜਾਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ | ਵਿਧਾਇਕਾ ਦੀ ਇਸ ਫੇਰੀ ਨੇ ਸ਼ਹਿਰ ਦੀ ਸਿਆਸਤ 'ਚ ਹਲਚਲ ਤੇਜ਼ ਕਰ ਦਿੱਤੀ ਹੈ | ਜ਼ਿਕਰਯੋਗ ਹੈ ਕਿ 'ਆਪ' ਵਲੋਂ ਹਲਕਾ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਨਵਦੀਪ ਸਿੰਘ ਸੈਣੀ ਦੀ ਮਾਤਾ ਗੁਰਮੀਤ ਕੌਰ ਸੈਣੀ ਨੂੰ ਟਿਕਟ ਦਿੱਤੇ ਜਾਣ ਦੀ ਪੂਰੀ ਚਰਚਾ ਸੀ ਪਰ ਐਨ ਮੌਕੇ 'ਤੇ ਉਨ੍ਹਾਂ ਦੀ ਟਿਕਟ ਕੱਟ ਕੇ ਪਾਰਟੀ ਦੇ ਦੂਜੇ ਧੜੇ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਦੇ ਨਜ਼ਦੀਕੀ ਗੁਰਸ਼ਰਨ ਸਿੰਘ ਬਿੰਦਰੱਖੀਆ ਦੀ ਪਤਨੀ ਹਰਪ੍ਰੀਤ ਕੌਰ ਨੂੰ ਟਿਕਟ ਦੇ ਦਿੱਤੀ ਗਈ | ਇਸ ਫ਼ੈਸਲੇ ਤੋਂ ਨਾਰਾਜ਼ ਨਵਦੀਪ ਸਿੰਘ ਸੈਣੀ ਨੇ ਆਪਣੀ ਮਾਤਾ ਨੂੰ ਵਾ. ਨੰ. 5 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰ ਦਿੱਤਾ ਸੀ | ਇਸ ਸਿਆਸੀ ਉਲਟ-ਫੇਰ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ | ਇਨ੍ਹਾਂ ਹਾਲਾਤ ਦੇ ਚਲਦਿਆਂ ਅੱਜ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਆਪਣੀ ਟੀਮ ਸਮੇਤ ਅਚਾਨਕ ਨਵਦੀਪ ਸਿੰਘ ਸੈਣੀ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਮਾਤਾ ਤੇ ਪਰਿਵਾਰ ਨੂੰ ਮਿਲਣ ਲਈ ਪਹੁੰਚ ਗਏ | ਜਿਵੇਂ ਹੀ ਇਸ ਗੁਪਤ ਫੇਰੀ ਦੀ ਭਿਣਕ ਸਥਾਨਕ ਮੀਡੀਆ ਨੂੰ ਲੱਗੀ ਤਾਂ ਮੀਡੀਆ ਟੀਮ ਮੌਕੇ 'ਤੇ ਪਹੁੰਚ ਗਈ ਪਰ ਵਿਧਾਇਕਾ ਅਨਮੋਲ ਗਗਨ ਮਾਨ ਮੀਡੀਆ ਦੇ ਸਵਾਲਾਂ ਦੇ ਜਵਾਬ ਦਏ ਬਗ਼ੈਰ ਹੀ ਆਪਣੀ ਗੱਡੀ 'ਚ ਸਵਾਰ ਹੋ ਕੇ ਉਥੋਂ ਰਵਾਨਾ ਹੋ ਗਏ | ਦੂਜੇ ਪਾਸੇ ਨਵਦੀਪ ਸਿੰਘ ਸੈਣੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਵਿਧਾਇਕਾ ਅਨਮੋਲ ਗਗਨ ਮਾਨ ਦਾ ਉਹ ਆਪਣੀ ਵੱਡੀ ਭੈਣ ਵਜੋਂ ਬੇਹੱਦ ਸਤਿਕਾਰ ਕਰਦੇ ਹਨ | ਅੱਜ ਦੀ ਮੁਲਾਕਾਤ ਦੌਰਾਨ ਉਨ੍ਹਾਂ ਵਿਚਕਾਰ ਕਿਸੇ ਤਰ੍ਹਾਂ ਦੀ ਸਿਆਸੀ ਗੱਲਬਾਤ ਨਹੀਂ ਹੋਈ | ਉਨ੍ਹਾਂ ਕਿਹਾ ਕਿ ਵਿਧਾਇਕਾ ਮਾਨ ਕੇਵਲ ਪਰਿਵਾਰਕ ਮੈਂਬਰ ਦੇ ਤੌਰ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਆਏ ਸਨ | ਇਸੇ ਦੌਰਾਨ ਉਨ੍ਹਾਂ ਦੀ ਮਾਤਾ ਗੁਰਮੀਤ ਕੌਰ ਸੈਣੀ ਵਲੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜੇ ਜਾਣ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਨਵਦੀਪ ਸਿੰਘ ਸੈਣੀ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਮਾਤਾ ਦੀ ਟਿਕਟ ਕੱਟੇ ਜਾਣ ਕਾਰਨ ਵਾਰਡ ਤੇ ਇਲਾਕੇ ਦੇ ਲੋਕ ਆਪਣੀ ਮਾਂ ਦੇ ਸਨਮਾਨ ਨੂੰ ਠੇਸ ਪੁੱਜਦੀ ਨਹੀਂ ਦੇਖ ਸਕਦੇ | ਉਨ੍ਹਾਂ ਕਿਹਾ ਕਿ ਪਾਰਟੀ ਵੀ ਮਾਂ ਵਰਗੀ ਹੁੰਦੀ ਹੈ ਪਰ ਅਜਿਹੇ ਹਾਲਾਤ ਬਣ ਗਏ ਸਨ ਕਿ ਲੋਕਾਂ ਦੀ ਰਾਏ ਤੇ ਦਬਾਅ ਸਦਕਾ ਉਨ੍ਹਾਂ ਨੂੰ ਇਹ ਸਖ਼ਤ ਫ਼ੈਸਲਾ ਲੈਣਾ ਪਿਆ |


ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪੋਸਕੋ ਮਾਮਲਿਆਂ ਨਾਲ ਨਜਿੱਠਣ ਵਾਲੇ ਚੰਡੀਗੜ੍ਹ ਪੁਲਿਸ ਜਾਂਚ ਅਧਿਕਾਰੀਆਂ ਨਾਲ... ਅਗਲੀ ਖ਼ਬਰ ਮਹਿਲਾ ਕਿਰਾਏਦਾਰ ਵਲੋਂ ਹਨੀ-ਟਰੈਪ 'ਚ ਫਸਾ ਕੇ ਐਨ.ਆਰ.ਆਈ. ਨਾਲ 4 ਲੱਖ ਰੁਪਏ ਦੀ ਠੱਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।