26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਬੰਬ ਦੀ ਧਮਕੀ ਮਿਲਣ ਮਗਰੋਂ ਜ਼ਿਲ੍ਹਾ ਮੁਹਾਲੀ ਦੀਆਂ ਅਦਾਲਤਾਂ 'ਚ ਹਾਈ ਅਲਰਟ <br/>

ਅਜੀਤ ਡੈਸਕ 04-06-2026
ਐੱਸ. ਏ. ਐੱਸ. ਨਗਰ, 3 ਜੂਨ (ਕਪਿਲ ਵਧਵਾ)-ਮੁਹਾਲੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਦਫ਼ਤਰ ਨੂੰ ਅਦਾਲਤੀ ਕੰਪਲੈਕਸ ਵਿਚ ਬੰਬ ਧਮਾਕਾ ਹੋਣ ਦੀ ਧਮਕੀ ਸੰਬੰਧੀ ਈ-ਮੇਲ ਮਿਲਣ ਤੋਂ ਬਾਅਦ ਸਮੂਹ ਅਦਾਲਤੀ ਕੰਪਲੈਕਸ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 1 ਜੂਨ ਨੂੰ ਅਧਿਕਾਰਕ ਈ-ਮੇਲ ਆਈ. ਡੀ. 'ਤੇ ਖ਼ਾਲਿਸਤਾਨ ਨੈਸ਼ਨਲ ਆਰਮੀ ਵਲੋਂ ਭੇਜੀ ਗਈ ਈ-ਮੇਲ ਵਿਚ 3 ਜੂਨ ਤੋਂ 5 ਜੂਨ ਤੱਕ ਜੁਡੀਸ਼ੀਅਲ ਕੋਰਟ ਕੰਪਲੈਕਸਾਂ ਵਿਚ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਸੀ | ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਬੁੱਧਵਾਰ ਨੂੰ ਜਾਰੀ ਹੁਕਮਾਂ ਅਨੁਸਾਰ ਮੁਹਾਲੀ, ਖਰੜ ਅਤੇ ਡੇਰਾਬੱਸੀ ਦੇ ਅਦਾਲਤੀ ਕੰਪਲੈਕਸਾਂ ਵਿਚ ਆਮ ਲੋਕਾਂ ਦੇ ਦਾਖ਼ਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ | ਕੇਵਲ ਪਟੀਸ਼ਨਕਰਤਾ ਅਤੇ ਕੇਸਵਾਰ ਵਿਅਕਤੀਆਂ ਨੂੰ ਹੀ ਅਦਾਲਤੀ ਕੈਂਪਸ ਵਿਚ ਦਾਖ਼ਲ ਹੋਣ ਦੀ ਆਗਿਆ ਹੋਵੇਗੀ | ਹੁਕਮਾਂ ਵਿਚ ਸੁਰੱਖਿਆ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅਦਾਲਤੀ ਕੰਪਲੈਕਸ ਵਿਚ ਆਉਣ ਵਾਲੇ ਹਰ ਵਿਅਕਤੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਤਸੱਲੀ ਹੋਣ ਤੋਂ ਬਾਅਦ ਹੀ ਉਸ ਨੂੰ ਅੰਦਰ ਜਾਣ ਦਿੱਤਾ ਜਾਵੇ | ਇਸ ਤੋਂ ਇਲਾਵਾ ਪੁਲਿਸ ਵਲੋਂ ਸਮੂਹ ਅਦਾਲਤੀ ਕੰਪਲੈਕਸਾਂ ਦੀ ਤਲਾਸ਼ੀ ਅਤੇ ਸੈਨੇਟਾਈਜ਼ੇਸ਼ਨ ਦੀ ਕਾਰਵਾਈ ਪੂਰੀ ਹੋਣ ਤੱਕ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ | ਅਦਾਲਤਾਂ ਦਾ ਕੰਮਕਾਜ ਵੀ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਸੰਬੰਧੀ ਕਲੀਅਰੈਂਸ ਮਿਲਣ ਉਪਰੰਤ ਹੀ ਸ਼ੁਰੂ ਕੀਤਾ ਜਾਵੇਗਾ | ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸੈਸ਼ਨ ਡਵੀਜ਼ਨ ਅਧੀਨ ਤਾਇਨਾਤ ਸਾਰੇ ਨਿਆਂਇਕ ਅਧਿਕਾਰੀਆਂ ਨੂੰ ਵੀ ਵਧੇਰੇ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਹਨ | ਉਨ੍ਹਾਂ ਆਪਣੇ ਨਾਲ ਤਾਇਨਾਤ ਅਧਿਕਾਰਕ ਸਟਾਫ਼, ਪੀ. ਐੱਸ. ਓਜ਼ ਅਤੇ ਨਾਇਬ ਕੋਰਟਾਂ ਨੂੰ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਰਤ ਵਿਚ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਆਖਿਆ |
ਉਕਤ ਧਮਕੀ ਦੇ ਮੱਦੇਨਜ਼ਰ ਐੱਸ. ਪੀ. ਹੈੱਡਕੁਆਟਰ ਮੋਹਿਤ ਅਗਰਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਐੱਸ. ਐੱਸ. ਪੀ. ਮੁਹਾਲੀ ਹਰਮਨਦੀਪ ਸਿੰਘ ਹਾਂਸ ਵਲੋਂ ਜਾਰੀ ਨਿਰਦੇਸ਼ਾਂ 'ਤੇ ਅੱਜ ਸਵੇਰ ਤੁਰੰਤ ਪ੍ਰਭਾਵ ਨਾਲ ਬੰਬ-ਨਿਰੋਧੀ ਦਸਤੇ ਨੂੰ ਅਦਾਲਤੀ ਕੈਂਪਸ ਦੀ ਤਲਾਸ਼ੀ ਲਈ ਸੱਦਿਆ ਗਿਆ | ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵਲੋਂ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ, ਪਰ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ | ਉਨ੍ਹਾਂ ਕਿਹਾ ਕਿ ਮੁਹਾਲੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਸੁਰੱਖਿਆ ਦੇ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ |
ਕੰਮਕਾਜ਼ ਹੋਇਆ ਪ੍ਰਭਾਵਿਤ
ਖਰੜ, (ਜੰਡਪੁਰੀ)- ਖਰੜ ਦੀਆਂ ਅਦਾਲਤਾਂ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਈ-ਮੇਲ ਰਾਹੀਂ ਮਿਲੀ ਧਮਕੀ ਕਾਰਨ ਅਦਾਲਤਾਂ ਦਾ ਕੰਮਕਾਜ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ | ਜਾਣਕਾਰੀ ਅਨੁਸਾਰ ਭੇਜੇ ਗਏ ਈ-ਮੇਲ 'ਚ 3 ਜੂਨ ਤੋਂ ਲੈ ਕੇ 5 ਜੂਨ ਤੱਕ ਬੰਬ ਧਮਾਕਿਆਂ ਦਾ ਜ਼ਿਕਰ ਕੀਤਾ ਗਿਆ ਹੈ | ਇਸ ਈ-ਮੇਲ 'ਚ ਜਿਥੇ ਖਰੜ ਦੀਆਂ ਅਦਾਲਤਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ ਉਥੇ ਸਥਾਨਕ ਰੇਲਵੇ ਸਟੇਸ਼ਨ ਤੇ ਨਗਰ ਕੌਂਸਲ ਨੂੰ ਵੀ ਉਡਾਉਣ ਦੀ ਧਮਕੀ ਦਿੱਤੀ ਗਈ ਹੈ | ਇਸ ਧਮਕੀ ਸੰਬੰਧੀ ਸੂਚਨਾ ਮਿਲਣ 'ਤੇ ਤੁਰੰਤ ਪੁਲਿਸ ਨੇ ਅਦਾਲਤੀ ਕੰਪਲੈਕਸ 'ਚ ਚੈਕਿੰਗ ਸ਼ੁਰੂ ਕਰ ਦਿੱਤੀ, ਜਿਸ ਨਾਲ ਜਿਥੇ ਲੋਕਾਂ ਦਾ ਕੰਮ ਪ੍ਰਭਾਵਿਤ ਹੋਇਆ, ਉਥੇ ਹੀ ਅਦਾਲਤੀ ਕੰਮਕਾਜ਼ ਵੀ ਪ੍ਰਭਾਵਿਤ ਰਿਹਾ | ਈ-ਮੇਲ 'ਚ ਇਹ ਵੀ ਧਮਕੀ ਦਿੱਤੀ ਗਈ ਹੈ ਕਿ ਲੋਕ 6 ਜੂਨ ਨੂੰ ਰੇਲ-ਗੱਡੀਆਂ 'ਚ ਸਫ਼ਰ ਨਾ ਕਰਨ ਕਿਉਂਕਿ ਗ੍ਰਨੇਡ ਹਮਲੇ ਵੀ ਹੋ ਸਕਦੇ ਹਨ | ਖਰੜ ਦੇ ਅਦਾਲਤੀ ਕੰਪਲੈਕਸ ਵਿਖੇ ਸਕਿਊਰਿਟੀ 'ਤੇ ਤਾਇਨਾਤ ਇਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਵਲੋਂ ਅਦਾਲਤਾਂ ਨੂੰ ਖਾਲੀ ਕਰਵਾਇਆ ਗਿਆ ਹੈ | ਇਸੇ ਦੌਰਾਨ ਜਦੋਂ ਮਾਮਲੇ ਸੰਬੰਧੀ ਖਰੜ ਦੇ ਡੀ. ਐਸ. ਪੀ. ਈਸ਼ਾਨ ਸਿੰਗਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਪੁਲਿਸ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ ਜਦਕਿ ਬਾਰ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਐਡਵੋਕੇਟ ਦੀਪਕ ਸ਼ਰਮਾ ਨੇ ਦੱਸਿਆ ਕਿ ਅੱਜ ਜੁਡੀਸ਼ੀਅਲ ਕੰਪਲੈਕਸ ਦੀ ਪੁਲਿਸ ਵਲੋਂ ਬਾਰੀਕੀ ਨਾਲ ਚੈਕਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਜਦੋਂ ਤੱਕ ਪੁਲਿਸ ਵਲੋਂ ਕਲੀਨ ਚਿੱਟ ਪ੍ਰਾਪਤ ਨਹੀਂ ਹੁੰਦੀ, ਉਦੋਂ ਤੱਕ ਅਦਾਲਤਾਂ 'ਚ ਚੌਕਸੀ ਜਾਰੀ ਰਹੇਗੀ |

ਪਿਛਲੀ ਖ਼ਬਰ ਕੋਲਡ ਡਰਿੰਕ ਦੇ ਪੈਸਿਆਂ ਨੂੰ ਲੈ ਕੇ ਹੋਏ ਵਿਵਾਦ 'ਚ ਦੋ ਭਰਾਵਾਂ 'ਤੇ ਚਾਕੂ ਨਾਲ ਹਮਲਾ ਕਰਨ ਵਾਲਾ ਕਾਬੂ ਅਗਲੀ ਖ਼ਬਰ ਭਾਰਤ-ਅਫ਼ਗਾਨਿਸਤਾਨ ਟੈਸਟ ਮੈਚ ਲਈ ਨਿਊ ਚੰਡੀਗੜ੍ਹ ਕਿ੍ਕਟ ਸਟੇਡੀਅਮ ਪੂਰੀ ਤਰ੍ਹਾਂ ਤਿਆਰ : ਮੀਤ ਹੇਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।