ਜ਼ੀਰਕਪੁਰ, 4 ਜੂਨ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਗਲੋਬਲ ਬਿਜ਼ਨੈੱਸ ਪਾਰਕ 'ਚ ਚੱਲ ਰਹੇ ਇਕ ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼ ਕਰਦੇ ਹੋਏ 6 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਮੁਲਜ਼ਮ ਅੰਤਰਰਾਸ਼ਟਰੀ ਏਅਰਲਾਈਨਾਂ ਦੇ ਕਰਮਚਾਰੀ ਬਣ ਕੇ ਵਿਦੇਸ਼ੀ ਨਾਗਰਿਕਾਂ ਖਾਸ ਕਰਕੇ ਅਮਰੀਕਾ ਦੇ ਲੋਕਾਂ ਨਾਲ ਆਨਲਾਈਨ ਧੋਖਾਧੜੀ ਕਰਦੇ ਸਨ | ਗਿ੍ਫ਼ਤਾਰ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਪ੍ਰਸ਼ਾਂਤ ਨੇਗੀ, ਅਨਿਲ, ਜਸਪ੍ਰੀਤ ਸਿੰਘ, ਸੁਖਬੀਰ ਸਿੰਘ ਸੇਠੀ, ਸ਼ੁਭਮ, ਦੀਪਕ ਕੁਮਾਰ ਤੇ ਕਈ ਹੋਰ ਅਣਪਛਾਤੇ ਵਿਅਕਤੀਆਂ ਵਜੋਂ ਹੋਈ ਹੈ | ਮੁਲਜ਼ਮ ਉੱਤਰਾਖੰਡ, ਜੰਮੂ-ਕਸ਼ਮੀਰ ਤੇ ਕਾਂਗੜਾ ਦੇ ਵਸਨੀਕ ਹਨ | ਮੁੱਢਲੀ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਮੁਲਜ਼ਮਾਂ ਨੇ ਹੋਮ ਟਾਊਨ ਟਰੈਵਲ ਨਾਂਅ ਦੀ ਇਕ ਜਾਅਲੀ ਹਵਾਈ ਟਿਕਟਿੰਗ ਕੰਪਨੀ ਸਥਾਪਿਤ ਕੀਤੀ ਹੋਈ ਸੀ ਤੇ ਇਸ ਰਾਹੀਂ ਉਹ ਧੋਖਾਧੜੀ ਦਾ ਨੈੱਟਵਰਕ ਚਲਾ ਰਹੇ ਸਨ | ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਬਿ੍ਟਿਸ਼ ਏਅਰਵੇਜ਼, ਏਅਰ ਇੰਡੀਆ ਤੇ ਲੁਫਥਾਂਸਾ ਵਰਗੀਆਂ ਨਾਮਵਰ ਏਅਰਲਾਈਨਾਂ ਦੇ ਕਰਮਚਾਰੀ ਹੋਣ ਦੇ ਨਾਤੇ ਵਿਦੇਸ਼ੀ ਨਾਗਰਿਕਾਂ ਨਾਲ ਸੰਪਰਕ ਕਰਦੇ ਸਨ | ਗ੍ਰਾਹਕਾਂ ਦੇ ਸ਼ੱਕ ਤੋਂ ਬਚਣ ਲਈ ਉਨ੍ਹਾਂ ਨੇ ਵਿਦੇਸ਼ੀ ਨਾਂਅ ਲਏ ਤੇ ਵਿਦੇਸ਼ੀ ਲਹਿਜ਼ੇ 'ਚ ਅੰਗਰੇਜ਼ੀ ਬੋਲੀ | ਉਹ ਸਸਤੀਆਂ ਹਵਾਈ ਟਿਕਟਾਂ ਦਾ ਵਾਅਦਾ ਕਰਕੇ ਲੋਕਾਂ ਨੂੰ ਠੱਗਦੇ ਸਨ | ਜਾਣਕਾਰੀ ਦਿੰਦਿਆਂ ਥਾਣਾ ਜ਼ੀਰਕਪੁਰ ਦੇ ਐਸ.ਐਚ.ਓ. ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗਲੋਬਲ ਬਿਜ਼ਨੈੱਸ ਪਾਰਕ 'ਚ ਇਕ ਜਾਅਲੀ ਹਵਾਈ ਟਿਕਟਿੰਗ ਕੰਪਨੀ ਕੰਮ ਕਰ ਰਹੀ ਹੈ, ਜੋ ਕਿ ਵਿਦੇਸ਼ਾਂ 'ਚ ਰਹਿਣ ਵਾਲੇ ਲੋਕਾਂ ਨਾਲ ਧੋਖਾ ਕਰ ਰਹੀ ਹੈ | ਪੁਲਿਸ ਨੇ ਜਦੋਂ ਰਾਤ ਨੂੰ ਛਾਪੇਮਾਰੀ ਕੀਤੀ ਤਾਂ ਕਈ ਨੌਜਵਾਨ ਕੰਪਿਊਟਰਾਂ ਤੇ ਲੈਪਟਾਪਾਂ 'ਤੇ ਕੰਮ ਕਰਦੇ ਪਾਏ ਗਏ | ਜਾਂਚ ਦੌਰਾਨ ਪਤਾ ਚੱਲਿਆ ਕਿ ਇਸ ਗਰੋਹ ਦਾ ਮਾਸਟਰਮਾਈਾਡ ਪ੍ਰਸ਼ਾਂਤ ਨੇਗੀ ਹੈ | ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਗਰੋਹ ਮੁੱਖ ਤੌਰ 'ਤੇ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ | ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਹੈ | ਇਸ ਤੋਂ ਇਲਾਵਾ ਘਟਨਾ ਸਥਾਨ ਤੋਂ ਬਰਾਮਦ ਕੀਤੇ ਗਏ ਲੈਪਟਾਪ, ਕੰਪਿਊਟਰ ਤੇ ਹੋਰ ਇਲੈਕਟ੍ਰੋਨਿਕ ਯੰਤਰਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |
ਜਾਅਲੀ ਕਾਲ ਸੈਂਟਰ 'ਤੇ ਛਾਪੇਮਾਰੀ ਦੌਰਾਨ ਵਿਦੇਸ਼ੀਆਂ ਨਾਲ ਧੋਖਾਧੜੀ ਕਰਨ ਵਾਲੇ 6 ਮੁਲਜ਼ਮ ਗਿ੍ਫ਼ਤਾਰ <br/>
ਅਜੀਤ ਡੈਸਕ
05-06-2026