ਐੱਸ. ਏ. ਐੱਸ. ਨਗਰ, 4 ਜੂਨ (ਕਪਿਲ ਵਧਵਾ)ਪੈਸਿਆਂ ਦੇ ਲੈਣ-ਦੇਣ ਦੇ ਵਿਵਾਦ ਦੇ ਚਲਦਿਆਂ ਜਲੰਧਰ ਆਧਾਰਿਤ ਵਪਾਰੀ ਨੀਰਜ ਕੱਕੜ ਨੂੰ ਜ਼ੀਰਕਪੁਰ ਦੇ ਇਕ ਹੋਟਲ 'ਚੋਂ ਅਗਵਾ ਕਰਨ ਦੇ ਚਰਚਿੱਤ ਮਾਮਲੇ ਵਿਚ ਨਾਮਜ਼ਦ ਮੁੱਖ ਸਾਜਿਸ਼ਕਰਤਾ ਕਮਲਵੀਰ ਗਰਗ ਦੀ ਨਿਯਮਿਤ ਜ਼ਮਾਨਤ ਅਰਜ਼ੀ ਐਡੀਸ਼ਨਲ ਸੈਸ਼ਨ ਜੱਜ ਮੁਹਾਲੀ ਹਰਦੀਪ ਸਿੰਘ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ | ਅਦਾਲਤ ਵਿਚ ਦਾਖ਼ਲ ਜ਼ਮਾਨਤ ਅਰਜ਼ੀ ਦੌਰਾਨ ਬਚਾਅ ਪੱਖ ਵਲੋਂ ਦਲੀਲ ਦਿੱਤੀ ਗਈ ਕਿ ਪਟੀਸ਼ਨਕਰਤਾ ਬੇਕਸੂਰ ਹੈ ਅਤੇ ਉਸ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ | ਇਸ ਦੇ ਨਾਲ ਹੀ ਕਿਹਾ ਗਿਆ ਕਿ ਉਸ ਦਾ ਨਾਂਅ ਮੁੱਢਲੀ ਐੱਫ. ਆਈ. ਆਰ. ਵਿਚ ਸ਼ਾਮਿਲ ਨਹੀਂ ਸੀ ਅਤੇ ਮੌਜੂਦਾ ਮਾਮਲਾ ਪਹਿਲਾਂ ਦਰਜ ਇਕ ਹੋਰ ਕੇਸ ਦੀ ਪ੍ਰਤੀਕਿਰਿਆ ਵਜੋਂ ਬਣਾਇਆ ਗਿਆ ਹੈ | ਦੂਜੇ ਪਾਸੇ ਰਾਜ ਪੱਖ ਦੇ ਵਕੀਲ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਉਕਤ ਮੁਲਜ਼ਮ ਖ਼ਿਲਾਫ਼ ਗੰਭੀਰ ਅਤੇ ਸਪੱਸ਼ਟ ਦੋਸ਼ ਹਨ | ਜਾਂਚ ਦੌਰਾਨ ਬਰਾਮਦ ਹੋਏ ਪੀੜਤ ਨੇ ਆਪਣੇ ਬਿਆਨਾਂ ਵਿਚ ਦੋਸ਼ ਲਗਾਇਆ ਸੀ ਕਿ ਉਸ ਨੂੰ ਪੈਸਿਆਂ ਦੇ ਵਿਵਾਦ ਨੂੰ ਸੁਲਝਾਉਣ ਲਈ ਕਮਲਵੀਰ ਗਰਗ ਅਤੇ ਉਸ ਦੇ ਸਾਥੀਆਂ ਨੇ ਅਗਵਾ ਕੀਤਾ ਸੀ | ਅਦਾਲਤ ਨੇ ਆਪਣੇ ਹੁਕਮਾਂ ਵਿਚ ਕਿਹਾ ਹੈ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਦੋਸ਼ੀ ਦੀ ਭੂਮਿਕਾ ਅਪਰਾਧ ਵਿਚ ਸਰਗਰਮ ਨਜ਼ਰ ਆ ਰਹੀ ਹੈ | ਕਈ ਅਹਿਮ ਗਵਾਹਾਂ ਦੇ ਬਿਆਨ ਦਰਜ ਹੋਣੇ ਹਾਲੇ ਬਾਕੀ ਹਨ | ਅਜਿਹੇ ਹਾਲਾਤਾਂ ਵਿਚ ਜ਼ਮਾਨਤ ਦੇਣ ਨਾਲ ਦੋਸ਼ੀ ਦੇ ਫ਼ਰਾਰ ਹੋਣ, ਸਬੂਤਾਂ ਨਾਲ ਛੇੜਛਾੜ ਕਰਨ ਜਾਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਅਦਾਲਤ ਨੇ ਦੋਸ਼ਾਂ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ ਕਮਲਵੀਰ ਗਰਗ ਨੂੰ ਨਿਯਮਿਤ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਦੀ ਜ਼ਮਾਨਤ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ |