ਐੱਸ. ਏ. ਐੱਸ. ਨਗਰ, 4 ਜੂਨ ( ਪ੍ਰੋ: ਅਵਤਾਰ ਸਿੰਘ)-ਸਾਲ 2003 ਦੀਆਂ ਮਤਦਾਤਾ ਸੂਚੀਆਂ ਨਾਲ ਮੌਜੂਦਾ ਵੋਟਰਾਂ ਦੀ ਮੈਪਿੰਗ ਕਰਨ ਲਈ ਚੱਲ ਰਹੀ ਪ੍ਰੀ-ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਪ੍ਰੀ-ਐੱਸ. ਆਈ. ਆਰ.) ਮੁਹਿੰਮ ਤਹਿਤ ਜ਼ਿਲ੍ਹੇ 'ਚ ਕਾਫ਼ੀ ਪ੍ਰਗਤੀ ਹੋ ਚੁੱਕੀ ਹੈ | ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਕਿਹਾ ਕਿ ਹਰ ਯੋਗ ਵੋਟਰ ਨੂੰ ਇਸ ਮੈਪਿੰਗ ਅਭਿਆਨ ਨਾਲ ਜੋੜਨ ਲਈ ਯਤਨ ਜਾਰੀ ਹਨ | ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਵੋਟਰਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਸੁਵਿਧਾ ਪ੍ਰਦਾਨ ਕਰਨ ਲਈ 7 ਜੂਨ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ | ਇਸ ਦੌਰਾਨ ਬੂਥ ਲੈਵਲ ਅਫ਼ਸਰ (ਬੀ. ਐਲ. ਓਜ਼) ਆਪੋ-ਆਪਣੇ ਪੋਲਿੰਗ ਸਟੇਸ਼ਨਾਂ 'ਤੇ ਮੌਜੂਦ ਰਹਿਣਗੇ ਅਤੇ ਵੋਟਰਾਂ ਨੂੰ ਮੈਪਿੰਗ ਸੰਬੰਧੀ ਲੋੜੀਂਦੀਆਂ ਰਸਮਾਂ ਪੂਰੀਆਂ ਕਰਨ 'ਚ ਸਹਾਇਤਾ ਕਰਨਗੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਨੂੰ ਸਫ਼ਲ ਬਣਾਉਣ ਲਈ ਰਾਜਸੀ ਪਾਰਟੀਆਂ ਨੂੰ ਵੀ ਆਪਣੇ ਬੂਥ ਲੈਵਲ ਏਜੰਟਾਂ (ਬੀ. ਐਲ. ਏਜ਼) ਰਾਹੀਂ ਪੂਰਾ ਸਹਿਯੋਗ ਦੇਣ ਅਤੇ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਆਖਿਆ ਗਿਆ ਹੈ | ਉਨ੍ਹਾਂ ਅਪੀਲ ਕੀਤੀ ਕਿ ਜਿਹੜੇ ਵੋਟਰ ਅਜੇ ਤੱਕ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ ਚੱਲ ਰਹੀ ਵੋਟਰ ਮੈਪਿੰਗ ਪ੍ਰਕਿਰਿਆ ਦਾ ਹਿੱਸਾ ਨਹੀਂ ਬਣੇ, ਉਹ 7 ਜੂਨ ਨੂੰ ਆਪਣੇ ਸੰਬੰਧਿਤ ਪੋਲਿੰਗ ਬੂਥਾਂ 'ਤੇ ਪਹੁੰਚ ਕੇ ਬੀ.ਐਲ.ਓਜ਼ ਦੀ ਸਹਾਇਤਾ ਨਾਲ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰਨ | ਉਨ੍ਹਾਂ ਕਿਹਾ ਕਿ ਵੋਟਰਾਂ ਦੀ ਸਰਗਰਮ ਭਾਗੀਦਾਰੀ ਅਤੇ ਰਾਜਸੀ ਪਾਰਟੀਆਂ ਦੇ ਸਹਿਯੋਗ ਨਾਲ ਹੀ ਚੋਣ ਸੂਚੀਆਂ ਦੀ ਸ਼ੁੱਧਤਾ ਅਤੇ ਸੰਪੂਰਨਤਾ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ, ਜੋ ਕਿ ਲੋਕਤੰਤਰੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਬਣਾਉਣ 'ਚ ਸਹਾਈ ਹੋਵੇਗਾ |