ਐੱਸ. ਏ. ਐੱਸ. ਨਗਰ, 4 ਜੂਨ (ਪ੍ਰੋ. ਅਵਤਾਰ ਸਿੰਘ)-ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਅੱਜ ਵਿਧਾਨ ਸਭਾ ਚੋਣ ਹਲਕਾ 52-ਖਰੜ, 53-ਮੁਹਾਲੀ ਅਤੇ 112-ਡੇਰਾਬੱਸੀ ਦੇ ਉਨਾਂ ਬੀ. ਐਲ. ਓਜ਼. ਨਾਲ ਮੀਟਿੰਗ ਕੀਤੀ ਗਈ, ਜਿਨਾਂ ਦੀ ਮੈਪਿੰਗ ਪ੍ਰਗਤੀ 25 ਫ਼ੀਸਦੀ ਤੋਂ ਘੱਟ ਹੈ | ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਬੀ. ਐਲ. ਓਜ਼. ਨੂੰ ਮੈਪਿੰਗ ਦੇ ਕੰਮ 'ਚ ਤੇਜ਼ੀ ਲਿਆਉਣ ਲਈ ਪ੍ਰੇਰਿਤ ਕਰਦਿਆਂ ਘੱਟੋ-ਘੱਟ 30 ਫ਼ੀਸਦੀ ਵਾਧਾ ਯਕੀਨੀ ਬਣਾਉਣ ਦਾ ਟੀਚਾ ਦਿੱਤਾ | ਉਨਾਂ ਹਦਾਇਤ ਕੀਤੀ ਕਿ ਜ਼ਮੀਨੀ ਪੱਧਰ 'ਤੇ ਪੂਰੀ ਗੰਭੀਰਤਾ ਨਾਲ ਕੰਮ ਕਰਦੇ ਹੋਏ ਵੋਟਰਾਂ ਦੀ ਜਾਣਕਾਰੀ ਨੂੰ ਅੱਪਡੇਟ ਕੀਤਾ ਜਾਵੇ | ਉਨਾਂ ਬੀ. ਐਲ. ਓਜ਼. ਨੂੰ ਮਰ ਚੁੱਕੇ, ਸਥਾਨ ਤਬਦੀਲ ਕਰ ਚੁੱਕੇ, ਗ਼ੈਰ-ਹਾਜ਼ਰ ਜਾਂ ਡਬਲ ਵੋਟ ਰੱਖਣ ਵਾਲੇ ਵੋਟਰਾਂ ਦੀਆਂ ਵੱਖ-ਵੱਖ ਸੂਚੀਆਂ ਤਿਆਰ ਕਰਨ ਲਈ ਵੀ ਕਿਹਾ | ਇਸ ਦੇ ਨਾਲ ਹੀ ਉਨਾਂ ਘਰ-ਘਰ ਜਾ ਕੇ ਸਾਲ 2003 ਦੀ ਵੋਟਰ ਸੂਚੀ ਦੇ ਆਧਾਰ 'ਤੇ ਡਾਟਾ ਇਕੱਠਾ ਕਰਨ ਅਤੇ ਰਿਕਾਰਡ ਦੀ ਤਸਦੀਕ ਕਰਨ ਦੇ ਨਿਰਦੇਸ਼ ਵੀ ਦਿੱਤੇ | ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਕਿਹਾ ਕਿ ਮੈਪਿੰਗ ਦੌਰਾਨ ਜੇਕਰ ਕਿਸੇ ਵੀ ਕਿਸਮ ਦੀ ਤਕਨੀਕੀ ਜਾਂ ਕਾਰਜਾਤਮਕ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਬੀ. ਐਲ. ਓਜ਼. ਜ਼ਿਲਾ ਚੋਣ ਦਫ਼ਤਰ ਤੋਂ ਲੋੜੀਂਦੀ ਟ੍ਰੇਨਿੰਗ ਅਤੇ ਮਾਰਗਦਰਸ਼ਨ ਪ੍ਰਾਪਤ ਕਰ ਸਕਦੇ ਹਨ | ਉਨਾਂ ਕਿਹਾ ਕਿ ਚੋਣ ਪ੍ਰਕਿਰਿਆ ਨਾਲ ਸੰਬੰਧਿਤ ਹੋਰ ਜਾਣਕਾਰੀ ਜਾਂ ਸਹਾਇਤਾ ਲਈ ਟੋਲ-ਫ਼੍ਰੀ ਨੰਬਰ 1950 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ | ਉਨਾਂ ਬੀ. ਐਲ. ਓਜ਼. ਨੂੰ ਹਦਾਇਤ ਕੀਤੀ ਕਿ ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਨਿਰਧਾਰਤ ਕਾਰਜਾਂ ਨੂੰ ਸਮੇਂ ਸਿਰ ਅਤੇ ਪੂਰੀ ਜ਼ਿੰਮੇਵਾਰੀ ਨਾਲ ਮੁਕੰਮਲ ਕੀਤਾ ਜਾਵੇ |