ਲਾਲੜੂ, 4 ਜੂਨ (ਰਾਜਬੀਰ ਸਿੰਘ)-ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਮੀਟਿੰਗ ਦੌਰਾਨ ਲਾਲੜੂ ਖੇਤਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ. ਐਚ. ਸੀ. ਲਾਲੜੂ ਵਿਖੇ 24 ਘੰਟੇ ਐਮਰਜੈਂਸੀ ਸਿਹਤ ਸੇਵਾਵਾਂ ਸੁਰੂ ਕਰਨ ਦਾ ਮੁੱਦਾ ਉਠਾਇਆ ਗਿਆ ਅਤੇ ਇਸ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਲੋਕਾਂ ਨੂੰ ਜਲਦ ਤੋਂ ਜਲਦ ਇਹ ਸਹੂਲਤ ਮੁਹੱਈਆ ਕਰਵਾਉਣ ਦੀ ਲੋੜ ਉੱਪਰ ਜੋਰ ਦਿੱਤਾ ਗਿਆ | ਇਸ ਮੀਟਿੰਗ ਦੌਰਾਨ ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਖ਼ੁਦ ਸੀ.ਐਚ.ਸੀ. ਲਾਲੜੂ ਦਾ ਦੌਰਾ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਹਸਪਤਾਲ ਦੀ ਇਮਾਰਤ ਪੂਰੀ ਤਰ੍ਹਾਂ ਤਿਆਰ ਹੈ, ਲੋੜੀਂਦ ਫ਼ਰਨੀਚਰ ਅਤੇ ਬੁਨਿਆਦੀ ਢਾਂਚਾ ਵੀ ਉਪਲੱਬਧ ਹੈ | ਇਸ ਤੋਂ ਇਲਾਵਾ ਇਹ ਸਿਹਤ ਕੇਂਦਰ ਨੈਸਨਲ ਹਾਈਵੇਅ 'ਤੇ ਸਥਿਤ ਹੋਣ ਕਾਰਨ ਐਮਰਜੈਂਸੀ ਸੇਵਾਵਾਂ ਲਈ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਥੇ ਜਲਦ ਤੋਂ ਜਲਦ ਲੋੜੀਂਦੇ ਮੈਡੀਕਲ ਅਫ਼ਸਰ ਅਤੇ ਸਟਾਫ਼ ਤਾਇਨਾਤ ਕਰਕੇ 24 ਘੰਟੇ ਐਮਰਜੈਂਸੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਸ ਦਾ ਤੁਰੰਤ ਲਾਭ ਮਿਲ ਸਕੇ | ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਸੀ. ਐਚ. ਸੀ. ਲਾਲੜੂ 'ਚ ਐਮਰਜੈਂਸੀ ਸੇਵਾਵਾਂ ਸੁਰੂ ਹੋਣ ਨਾਲ ਲਾਲੜੂ, ਹੰਡੇਸਰਾ ਅਤੇ ਆਸ-ਪਾਸ ਦੇ 50 ਤੋਂ ਵੱਧ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਇਲਾਜ ਲਈ ਦੂਰ-ਦੁਰਾਡੇ ਦੇ ਹਸਪਤਾਲਾਂ 'ਚ ਜਾਣ ਦੀ ਲੋੜ ਨਹੀਂ ਪਵੇਗੀ |