ਕੁਰਾਲੀ, 4 ਜੂਨ (ਬਿੱਲਾ ਅਕਾਲਗੜ੍ਹੀਆ)-ਭਾਵੇਂ ਕਿ ਸਰਕਾਰਾਂ ਵਲੋਂ ਦਆਵਾ ਕੀਤਾ ਜਾ ਰਿਹਾ ਹੈ ਕਿ ਪੂਰੇ ਭਾਰਤ 'ਚ ਗੈਸ ਸਿਲੰਡਰਾਂ ਦੀ ਕੋਈ ਵੀ ਕਮੀ ਨਹੀਂ ਹੈ, ਪਰ ਦੂਜੇ ਪਾਸੇ ਕੁਰਾਲੀ ਦੇ ਸਥਾਨਕ ਬੱਸ ਸਟੈਂਡ 'ਤੇ ਸਥਿਤ ਪੂਜਾ ਇੰਡੇਨ ਗੈਸ ਏਜੰਸੀ 'ਚ ਗੈਸ ਸਿਲੰਡਰਾਂ ਦਾ ਸਪਲਾਈ ਨਾ ਮਿਲਣ ਕਾਰਨ ਖਪਤਕਾਰ ਭਾਰੀ ਪ੍ਰੇਸ਼ਾਨੀ ਦੇ ਆਲਮ 'ਚ ਹਨ | ਇਸ ਮੌਕੇ ਹਾਜ਼ਰ ਬਲਦੇਵ ਸਿੰਘ, ਇੰਦਰਜੀਤ ਸਿੰਘ ਰੰਗੀਲਪੁਰ, ਰਵਿੰਦਰ ਸਿੰਘ ਰੋੜਾ, ਬਲਵੀਰ ਸਿੰਘ ਸਮੇਤ ਹੋਰ ਗੈਸ ਖਪਤਕਾਰਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਹੀ 7 ਵਜੇ ਦੇ ਕਰੀਬ ਪੂਜਾ ਗੈਸ ਏਜੰਸੀ ਅੱਗੇ ਜਾ ਕੇ ਲਾਈਨਾਂ 'ਚ ਖੜ੍ਹੇ ਹੋ ਜਾਂਦੇ ਹਨ, ਪਰ ਜਦੋਂ ਉਨ੍ਹਾਂ ਦੀ ਵਾਰੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਸਿਲੰਡਰ ਮੁੱਕ ਗਏ ਹਨ | ਖਪਤਕਾਰਾਂ ਨੇ ਦੋਸ਼ ਲਗਾਇਆ ਕਿ ਇਸ ਸਮੱਸਿਆ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖਪਤਕਾਰਾਂ ਨੇ ਕਿਹਾ ਕਿ ਇਕ ਪਾਸੇ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਆਪਣੀ ਦਿਹਾੜੀ ਛੱਡ ਕੇ ਸਵੇਰੇ ਹੀ ਲਾਈਨਾਂ ਵਿਚ ਆ ਕੇ ਖੜ੍ਹਨਾ ਪੈਂਦਾ ਹੈ, ਕਿਉਂਕਿ ਗੈਸ ਖਪਤਕਾਰਾਂ ਲਈ ਪ੍ਰਬੰਧਕਾਂ ਵਲੋਂ ਨਾ ਕੋਈ ਬੈਠਣ ਦਾ ਤੇ ਨਾ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਹੈ, ਜਦਕਿ ਜਿਥੇ ਏਜੰਸੀ ਦੇ ਮਾਲਕ ਅਤੇ ਕਰਮਚਾਰੀ ਅੰਦਰ ਏਅਰ ਕੰਡੀਸ਼ਨਰ ਵਾਲੇ ਕਮਰਿਆਂ 'ਚ ਬੈਠੇ ਹਨ, ਉਥੇ ਆਮ ਲੋਕਾਂ ਨੂੰ ਤਪਦੀ ਗਰਮੀ 'ਚ ਘੰਟਿਆਂ ਖੜ੍ਹੇ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਗੈਸ ਸਿਲੰਡਰਾਂ ਦੀ ਨਿਯਮਿਤ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ | ਇਸ ਸੰਬੰਧੀ ਪੂਜਾ ਗੈਸ ਏਜੰਸੀ ਦੇ ਮਾਲਕ ਮਨਜਿੰਦਰ ਸਿੰਘ ਸਾਬੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨਾਂ ਨੂੰ ਪਿਛਲੇ ਸਮੇਂ ਤੋਂ ਗੈਸ ਸਪਲਾਈ ਕਰਨ 'ਚ ਦਿੱਕਤਾਂ ਆਈਆਂ ਹਨ, ਪਰੰਤੂ ਜਲਦ ਹੀ ਗੈਸ ਸਪਲਾਈ ਨਿਰਵਿਘਨ ਚਾਲੂ ਕੀਤੀ ਜਾਵੇਗੀ ਤਾਂ ਜੋ ਖਪਤਕਾਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਇਸ ਸੰਬੰਧੀ ਸੰਪਰਕ ਕਰਨ 'ਤੇ ਫੂਡ ਸਪਲਾਈ ਅਫਸਰ ਹਰਦੀਪ ਸਿੰਘ ਨੇ ਦੱਸਿਆ ਕਿ ਪੂਜਾ ਗੈਸ ਏਜੰਸੀ ਦਾ ਪਿਛਲਾ ਬੈਗਲਾਗ ਖੜ੍ਹਾ ਹੈ ਅਤੇ ਉਹ ਜਲਦੀ ਹੀ ਕੰਪਨੀ ਦੇ ਉਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਦੂਰ ਕਰਵਾਇਆ ਜਾਵੇਗਾ ਤਾਂ ਜੋ ਅੱਗੇ ਨੂੰ ਖਪਤਕਾਰਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |