ਖਰੜ, 6 ਜੂਨ (ਜੰਡਪੁਰੀ)- ਹਲਕਾ ਖਰੜ ਤੋਂ ਇੰਚਾਰਜ ਵਿਜੇ ਸ਼ਰਮਾ ਟਿੰਕੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ਹਲਕਾ ਵਿਧਾਇਕ ਬੀਬੀ ਅਨਮੋਲ ਗਗਨ ਮਾਨ ਦੀ ਕੋਠੀ ਅੱਗੇ ਝਾੜੂ ਦਾ ਤਿਲਾ-ਤਿਲਾ ਖਿਲਾਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਵਿਜੇ ਸ਼ਰਮਾ ਟਿੰਕੂ ਨੇ ਕਿਹਾ ਕਿ ਪਿਛਲੇ ਦਿਨੀਂ ਕਾਂਗਰਸ ਪਾਰਟੀ ਦੇ ਇਕ ਵਰਕਰ 'ਤੇ ਪੰਜਾਬ ਸਰਕਾਰ ਦੀ ਸ਼ਹਿ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਝਾੜੂ ਖਿਲਾਰਨ ਦੇ ਦੋਸ਼ ਹੇਠ ਝੂਠਾ ਪਰਚਾ ਦਰਜ ਕੀਤਾ ਗਿਆ ਸੀ ਅਤੇ ਇਸ ਦੇ ਸੰਬੰਧ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਖਰੜ ਦੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਇਕੱਠੇ ਹੋ ਕੇ ਹਲਕਾ ਵਿਧਾਇਕ ਖਰੜ ਅਨਮੋਲ ਗਗਨ ਮਾਨ ਦੇ ਦਫ਼ਤਰ/ਕੋਠੀ ਅੱਗੇ ਝਾੜੂ ਖਿਲਾਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨਾਂ ਮੰਗ ਕੀਤੀ ਕਿ ਝਾੜੂ ਖਿਲਾਰਨ ਦੇ ਦੋਸ਼ ਅਧੀਨ ਕਾਂਗਰਸੀ ਵਰਕਰ ਖ਼ਿਲਾਫ਼ ਦਰਜ ਕੀਤਾ ਗਿਆ ਝੂਠਾ ਮਾਮਲਾ ਤੁਰੰਤ ਖਾਰਜ ਕੀਤਾ ਜਾਵੇ ਜਾਂ ਸਾਡੇ ਖ਼ਿਲਾਫ਼ ਵੀ ਉਸੇ ਦੋਸ਼ ਅਧੀਨ ਮਾਮਲੇ ਦਰਜ ਕੀਤੇ ਜਾਣ | ਉਨਾਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ਉੱਤੇ ਸੂਬੇ ਭਰ 'ਚ ਹਰ ਵਿਧਾਨ ਸਭਾ ਹਲਕੇ ਹਲਕੇ ਦੇ ਵਿਧਾਇਕ ਦੇ ਘਰ/ਦਫ਼ਤਰ ਅੱਗੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ | ਇਸੇ ਦੌਰਾਨ ਹਲਕਾ ਇੰਚਾਰਜ ਸ਼ਰਮਾ ਨੇ ਬੀਤੇ ਕੱਲ ਪਟਿਆਲਾ ਵਿਖੇ ਬੇਰੁਜ਼ਗਾਰ ਨੌਜਵਾਨਾਂ 'ਤੇ ਪੁਲਿਸ ਵਲੋਂ ਕੀਤੇ ਗਏ ਤਸ਼ੱਦਦ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਜ਼ਬਰ 'ਚ ਸ਼ਾਮਿਲ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ | ਇਸੇ ਦੌਰਾਨ ਕੇਂਦਰ ਸਰਕਾਰ 'ਤੇ ਵਰਦਿਆਂ ਹਲਕਾ ਇੰਚਾਰਜ ਸ਼ਰਮਾ ਨੇ ਕਿਹਾ ਕਿ ਰੋਜ਼ਾਨਾ ਤੇਲ ਤੇ ਗੈਸ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ਅੱਜ ਦੇਸ਼ ਅੰਦਰ ਮਹਿੰਗਾਈ ਆਪਣੀ ਚਰਮ ਸੀਮਾ 'ਤੇ ਪਹੁੰਚ ਗਈ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਿੰਦਰ ਸਿੰਘ ਬੈਦਵਾਣ ਬਲਾਕ ਕਾਂਗਰਸ ਪ੍ਰਧਾਨ ਖਰੜ, ਰਣਜੀਤ ਸਿੰਘ ਨਗਲੀਆਂ, ਚੇਅਰਮੈਨ ਜ਼ਿਲਾ ਐਸ. ਸੀ. ਵਿੰਗ, ਬਾਬੂ ਸਿੰਘ ਪਮੌਰ ਜਨਰਲ ਸਕੱਤਰ ਜ਼ਿਲਾ ਕਾਂਗਰਸ, ਅਰਮਾਨ ਸ਼ਰਮਾ, ਮਨਵਰ ਇਕਬਾਲ ਖਾਨ ਚੇਅਰਮੈਨ ਘੱਟ ਗਿਣਤੀ ਵਿੰਗ, ਹੰਸ ਰਾਜ ਸਿੰਘ ਸਾਬਕਾ ਚੇਅਰਮੈਨ ਐਸ. ਸੀ. ਵਿੰਗ, ਵਿਸ਼ਾਲ ਵੱਟੂ ਸਕੱਤਰ ਜ਼ਿਲਾ ਕਾਂਗਰਸ ਕਮੇਟੀ, ਐਡਵੋਕੇਟ ਸੁਸ਼ਾਂਤ ਸ਼ਰਮਾ, ਐਡਵੋਕੇਟ ਪੁਨੀਤ ਅਟਵਾਲ, ਅੰਮਿ੍ਤ ਪਾਲ ਸਿੰਘ ਰੋਮੀ, ਸੁਮਿੰਦਰ ਸਿੰਘ ਬੜੌਦੀ, ਜਸਪਾਲ ਸਿੰਘ ਖਰੜ, ਚਰਨਜੀਤ ਸਿੰਘ ਤੱਕੀਪੁਰ, ਪਵਨ ਰਾਣਾ ਮੱਛਲੀ ਕਲਾਂ, ਲਾਭ ਸਿੰਘ ਮੱਛਲੀ ਕਲਾਂ, ਪੰਡਿਤ ਪੰਮਾ ਬਲੌਂਗੀ, ਨਿਰਮਲ ਸਿੰਘ ਝੂੰਗੀਆਂ, ਕੁਲਦੀਪ ਸਿੰਘ ਓਇੰਦ ਪੀ. ਏ. ਆਦਿ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਤੇ ਵਰਕਰ ਵੀ ਹਾਜ਼ਰ ਸਨ |