ਜ਼ੀਰਕਪੁਰ, 6 ਜੂਨ (ਮਨਿੰਦਰ ਸਿੰਘ)- ਬਲਟਾਣਾ ਦੇ ਸ੍ਰੀ ਸਨਾਤਨ ਧਰਮ ਖਾਟੂ ਸ਼ਿਆਮ ਮੰਦਰ 'ਚ ਦਿਨ-ਦਿਹਾੜੇ ਚੋਰੀ ਦੀ ਕੋਸ਼ਿਸ਼ ਕੀਤੀ ਗਈ | ਇਸ ਮੌਕੇ ਸਥਾਨਕ ਲੋਕਾਂ ਦੀ ਚੌਕਸੀ ਨਾਲ ਲੱਖਾਂ ਦਾ ਕੀਮਤੀ ਸਾਮਾਨ ਚੋਰੀ ਹੋਣ ਤੋਂ ਬਚ ਗਿਆ ਤੇ ਮੁਲਜ਼ਮ ਆਪਣਾ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ | ਮੰਦਰ ਸੰਚਾਲਕ ਮਨੀ ਸ਼ਰਮਾ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ 3 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਦੋ ਨੌਜਵਾਨ ਕੰਧ ਟੱਪ ਕੇ ਮੰਦਰ 'ਚ ਦਾਖ਼ਲ ਹੋਏ | ਦੋਸ਼ ਹੈ ਕਿ ਉਨ੍ਹਾਂ ਨੇ ਪਹਿਲਾਂ ਮੰਦਰ ਦੇ ਸਟੋਰ ਰੂਮ ਦਾ ਤਾਲਾ ਤੋੜਿਆ ਤੇ ਵੱਡੇ ਭਾਂਡੇ ਅਤੇ ਹੋਰ ਸਾਮਾਨ ਨੇੜਲੇ ਖਾਲੀ ਪਲਾਟ 'ਚ ਸੁੱਟਣਾ ਸ਼ੁਰੂ ਕਰ ਦਿੱਤਾ | ਮੰਦਰ ਪ੍ਰਬੰਧਕਾਂ ਅਨੁਸਾਰ ਮੁਲਜ਼ਮਾਂ ਨੇ ਬਿਜਲੀ ਦੀਆਂ ਤਾਰਾਂ ਦੇ ਬੰਡਲ, ਸੀ. ਸੀ. ਟੀ. ਵੀ. ਕੈਮਰਿਆਂ ਦੀ ਕੇਬਲ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦੀ ਵੀ ਕੋਸ਼ਿਸ਼ ਕੀਤੀ | ਇਸ ਦੌਰਾਨ ਕੁੱਝ ਸਥਾਨਕ ਵਸਨੀਕਾਂ ਨੂੰ ਸ਼ੱਕ ਹੋਇਆ ਤੇ ਉਹ ਮੌਕੇ 'ਤੇ ਪਹੁੰਚ ਗਏ | ਨੇੜੇ ਆ ਰਹੀ ਭੀੜ ਨੂੰ ਦੇਖ ਕੇ ਮੁਲਜ਼ਮ ਘਬਰਾ ਗਏ ਤੇ ਕਾਹਲੀ 'ਚ ਆਪਣਾ ਮੋਟਰਸਾਈਕਲ ਮੌਕੇ 'ਤੇ ਹੀ ਛੱਡ ਕੇ ਫ਼ਰਾਰ ਹੋ ਗਏ | ਇਸ ਘਟਨਾ ਕਾਰਨ ਮੰਦਰ ਪ੍ਰਬੰਧਕਾਂ ਤੇ ਸਥਾਨਕ ਵਸਨੀਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਮਨੀ ਸ਼ਰਮਾ ਨੇ ਦੋਸ਼ ਲਗਾਇਆ ਕਿ ਪੁਲਿਸ ਨੂੰ ਘਟਨਾ ਦੀ ਤੁਰੰਤ ਸੂਚਨਾ ਦੇਣ ਦੇ ਬਾਵਜੂਦ ਲਗਭਗ 1 ਘੰਟੇ ਤੱਕ ਕੋਈ ਵੀ ਪੁਲਿਸ ਕਰਮਚਾਰੀ ਘਟਨਾ ਸਥਾਨ 'ਤੇ ਨਹੀਂ ਪੁੱਜਿਆ | ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਸਮੇਂ ਸਿਰ ਪਹੁੰਚ ਜਾਂਦੀ ਤਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕਦਾ ਸੀ |