ਐੱਸ. ਏ. ਐੱਸ. ਨਗਰ, 9 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਸਿਵਲ ਸਰਜਨ ਮੁਹਾਲੀ ਡਾ. ਸੰਗੀਤਾ ਜੈਨ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਲੂ ਤੋਂ ਬਚਣ ਦੀ ਸਲਾਹ ਦਿੱਤੀ ਹੈ | ਡਾ. ਜੈਨ ਨੇ ਦੱਸਿਆ ਕਿ ਗਰਮ ਹਵਾਵਾਂ ਸਾਡੀ ਪਿਆਸ ਵਧਾਉਣ ਦੇ ਨਾਲ-ਨਾਲ ਸਾਡੇ ਸਰੀਰ ਖ਼ਾਸ ਕਰਕੇ ਅੱਖਾਂ ਤੇ ਚਮੜੀ ਨੂੰ ਪੂਰੀ ਤਰ੍ਹਾਂ ਝੁਲਸਾ ਦਿੰਦੀ ਹੈ | ਜ਼ਿਆਦਾ ਗਰਮੀ ਹੋਣ 'ਤੇ ਸਾਡਾ ਸਰੀਰ ਪਸੀਨੇ ਦੇ ਰੂਪ 'ਚ ਗਰਮੀ ਬਾਹਰ ਕੱਢਦਾ ਹੈ ਤੇ ਤਾਪਮਾਨ ਨੂੰ ਕੰਟੋਰਲ 'ਚ ਰੱਖਦਾ ਹੈ, ਜਿਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ | ਇਕ ਨਿਸ਼ਚਿਤ ਸੀਮਾ ਤੋਂ ਬਾਅਦ ਸਾਡੇ ਸਰੀਰ ਦਾ ਇਹ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਸਰੀਰ ਬਾਹਰ ਦੇ ਤਾਪਮਾਨ ਦੇ ਸਮਾਨ ਗਰਮ ਹੋ ਜਾਂਦਾ ਹੈ ਜਿਸ ਨੂੰ ਲੂ ਲੱਗਣਾ ਜਾਂ ਹੀਟ ਸਟਰੋਕ ਕਹਿੰਦੇ ਹਨ | ਉਨ੍ਹਾਂ ਕਿਹਾ ਕਿ ਇਕ ਰਿਪੋਰਟ ਦੇ ਅਨੁਸਾਰ ਲੂ ਲੱਗਣਾ ਬਹੁਤ ਖ਼ਤਰਨਾਕ ਸਾਬਿਤ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਬੱਚੇ, ਬਜ਼ੁਰਗ, ਮੋਟਾਪੇ ਤੋਂ ਪੀੜਤ ਲੋਕ, ਦਿਲ ਦੇ ਮਰੀਜ਼, ਸਰੀਰਕ ਰੂਪ ਨਾਲ ਕਮਜ਼ੋਰ ਲੋਕ, ਗਰਭਵਤੀ ਔਰਤਾਂ ਤੇ ਕੁਝ ਵਿਸ਼ੇਸ਼ ਦਵਾਈਆਂ (ਜਿਨ੍ਹਾਂ ਦਾ ਸਰੀਰ ਦੇ ਰਸਾਇਣਾਂ ਜਾਂ ਖ਼ੂਨ ਦੀਆਂ ਨਾਲੀਆਂ 'ਤੇ ਅਸਰ ਪੈਂਦਾ ਹੈ) ਨੂੰ ਖਾਣ ਵਾਲੇ ਲੋਕਾਂ ਨੂੰ ਲੂ ਲੱਗਣ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ | ਇਸ ਤੋਂ ਇਲਾਵਾ ਮਜ਼ਦੂਰ ਵਰਗ, ਦਿਹਾੜੀਦਾਰ ਤੇ ਬੇਘਰੇ ਲੋਕ ਇਸ ਦਾ ਜਲਦੀ ਸ਼ਿਕਾਰ ਹੋ ਜਾਂਦੇ ਹਨ | ਇਸ ਮੌਕੇ ਡਾ. ਤਮੰਨਾ ਜ਼ਿਲ੍ਹਾ ਪਰਿਵਾਰ ਅਤੇ ਭਲਾਈ ਅਫ਼ਸਰ ਵੀ ਹਾਜ਼ਰ ਸਨ |