28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਿਅਕਤੀ ਦੀ ਮੌਤ ਹੋਣ 'ਤੇ ਪਰਿਵਾਰ ਨੇ ਨਿੱਜੀ ਹਸਪਤਾਲ ਪ੍ਰਸ਼ਾਸਨ 'ਤੇ ਅਣਗਹਿਲੀ ਵਰਤਣ ਦਾ ਲਗਾਇਆ ਦੋਸ਼

ਅਜੀਤ ਡੈਸਕ 11-06-2026
ਖਰੜ, 10 ਜੂਨ (ਤਰਸੇਮ ਸਿੰਘ ਜੰਡਪੁਰੀ)- ਖਰੜ-ਲਾਂਡਰਾਂ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਵਿਅਕਤੀ ਦੀ ਮੌਤ ਹੋਣ 'ਤੇ ਮਿ੍ਤਕ ਦੇ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ 'ਤੇ ਅਣਗਹਿਲੀ ਵਰਤਣ ਦਾ ਕਥਿਤ ਦੋਸ਼ ਲਗਾਉਂਦਿਆਂ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ | ਧਰਨੇ 'ਤੇ ਬੈਠੇ ਮਿ੍ਤਕ ਹਰਜਿੰਦਰ ਸਿੰਘ ਦੇ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਚੁੰਨੀ ਖੁਰਦ ਤੇ ਜੱਗੀ ਨੇ ਕਿਹਾ ਕਿ ਉਹ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਹੀ ਲਾਸ਼ ਪ੍ਰਾਪਤ ਕਰਨਗੇ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਪਿੱਤੇ 'ਚ ਚਾਰ ਐਮ. ਐਮ. ਦੀਆਂ ਪੱਥਰੀਆਂ ਸਨ, ਜਿਨ੍ਹਾਂ ਦੀ ਜਾਂਚ ਕਰਨ ਉਪਰੰਤ ਨਿੱਜੀ ਹਸਪਤਾਲ ਦੇ ਡਾਕਟਰ ਵਲੋਂ ਪਿੱਤੇ ਦਾ ਆਪ੍ਰੇਸ਼ਨ ਕਰਨ ਦਾ ਸੁਝਾਅ ਦਿੱਤਾ ਗਿਆ ਸੀ | ਇਸ ਦੇ ਚਲਦਿਆਂ ਉਨ੍ਹਾਂ ਆਪਣੇ ਪਿਤਾ ਹਰਜਿੰਦਰ ਸਿੰਘ ਨੂੰ 24 ਮਈ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ ਜਿਨ੍ਹਾਂ ਦਾ 25 ਮਈ ਨੂੰ ਆਪ੍ਰੇਸ਼ਨ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਪਰ ਘਰ ਪੁੱਜਣ 'ਤੇ ਵੀ ਉਨ੍ਹਾਂ ਦੇ ਪਿਤਾ ਦੀ ਸਿਹਤ ਠੀਕ ਨਹੀਂ ਹੋਈ | ਇਸ ਕਾਰਨ ਉਹ ਆਪਣੇ ਪਿਤਾ ਨੂੰ ਲੈ ਕੇ ਵਾਪਸ ਨਿੱਜੀ ਹਸਪਤਾਲ ਪਹੁੰਚ ਗਏ ਜਿਥੇ ਉਨ੍ਹਾਂ ਦੇ ਕੁਝ ਟੈਸਟ ਕੀਤੇ ਗਏ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਇਹ ਆਖਦੇ ਹੋਏ ਹਸਪਤਾਲ 'ਚ ਦਾਖ਼ਲ ਕਰ ਲਿਆ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਹੈ | ਇਸ ਤੋਂ ਅਗਲੇ ਦਿਨ ਹਸਪਤਾਲ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਪਿਤਾ ਦੀ ਹਾਲਤ ਠੀਕ ਨਾ ਹੋਣ ਦਾ ਆਖਦੇ ਹੋਏ, ਉਨ੍ਹਾਂ ਨੂੰ ਆਈ. ਸੀ. ਯੂ. 'ਚ ਦਾਖ਼ਲ ਕਰ ਲਿਆ ਗਿਆ | ਇਸ ਤੋਂ ਬਾਅਦ ਵੀ ਉਨ੍ਹਾਂ ਦੇ ਪਿਤਾ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ | ਹਸਪਤਾਲ ਵਲੋਂ ਉਨ੍ਹਾਂ ਦੇ ਪਿਤਾ ਦੀ ਹਾਲਤ ਨੂੰ ਜ਼ਿਆਦਾ ਗੰਭੀਰ ਦੱਸਦੇ ਹੋਏ ਵੈਂਟੀਲੇਟਰ 'ਤੇ ਪਾ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ 8 ਜੂਨ ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਪਰ ਹਸਪਤਾਲ ਪ੍ਰਸ਼ਾਸਨ ਇਹ ਭਰੋਸਾ ਦਿੰਦਾ ਰਿਹਾ ਕਿ ਮਰੀਜ਼ ਠੀਕ ਹੈ ਤੇ ਹਾਲਤ 'ਚ ਸੁਧਾਰ ਹੋ ਰਿਹਾ ਹੈ ਜਦਕਿ 9 ਜੂਨ ਦੀ ਰਾਤ ਨੂੰ ਹਸਪਤਾਲ ਨੇ ਉਨ੍ਹਾਂ ਦੇ ਪਿਤਾ ਨੂੰ ਮਿ੍ਤਕ ਐਲਾਨ ਦਿੱਤਾ | ਉਨ੍ਹਾਂ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਹਸਪਤਾਲ ਪ੍ਰਸ਼ਾਸਨ ਵਲੋਂ ਇਲਾਜ ਦੌਰਾਨ ਵਰਤੀ ਗਈ ਅਣਗਹਿਲੀ ਕਾਰਨ ਹੋਈ ਹੈ ਕਿਉਂਕਿ ਖਾਣੇ ਦੇ ਰੂਪ 'ਚ ਉਨ੍ਹਾਂ ਦੇ ਪਿਤਾ ਨੂੰ ਮੈਗੀ ਖੁਆਈ ਗਈ ਸੀ | ਉਨ੍ਹਾਂ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ 3.50 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ, ਜਿਸ ਦੇ ਚਲਦਿਆਂ ਉਨ੍ਹਾਂ 1.40 ਲੱਖ ਰੁ. ਜਮ੍ਹਾਂ ਕਰਵਾ ਦਿੱਤੇ ਸਨ ਪਰ ਬਾਅਦ 'ਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ | ਇਸ ਸਾਰੇ ਮਾਮਲੇ ਬਾਰੇ ਜਦੋਂ ਨਿੱਜੀ ਹਸਪਤਾਲ ਦੇ ਡਾਕਟਰ ਸਚਿਨ ਵਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮਿ੍ਤਕ ਦੇ ਪਰਿਵਾਰ ਵਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਹਰਜਿੰਦਰ ਸਿੰਘ ਦੀ ਸਰਜਰੀ ਕੀਤੀ ਗਈ ਸੀ ਤੇ 26 ਤਰੀਕ ਨੂੰ ਉਨ੍ਹਾਂ ਨੂੰ ਕੋਈ ਸਮੱਸਿਆ ਨਾ ਹੋਣ ਕਰਕੇ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਸੀ ਤੇ ਦੋ ਦਿਨਾਂ ਬਾਅਦ ਜਦੋਂ ਉਨ੍ਹਾਂ ਦੇ ਪਰਿਵਾਰ ਵਲੋਂ ਨੂੰ ਉਨ੍ਹਾਂ ਨੂੰ ਦੁਬਾਰਾ ਹਸਪਤਾਲ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਦੇ ਪੇਟ 'ਚ ਬਹੁਤ ਜ਼ਿਆਦਾ ਦਰਦ ਸੀ ਤੇ ਧੜਕਣ ਵੀ ਕਾਫ਼ੀ ਵਧੀ ਹੋਈ ਸੀ, ਜਿਸ ਕਾਰਨ ਉਨ੍ਹਾਂ ਵਲੋਂ ਮਰੀਜ਼ ਦਾ ਸਿਟੀ ਸਕੈਨ ਕਰਵਾਇਆ ਗਿਆ ਤੇ ਇਸ ਦੌਰਾਨ ਕੁਝ ਅੰਤੜੀਆਂ ਤੇ ਹਾਰਟ 'ਚ ਰੁਕਾਵਟ ਪਾਈ ਗਈ, ਜਿਸ ਕਰਕੇ ਮਰੀਜ਼ ਦੇ ਪੇਟ 'ਚ ਪਾਣੀ ਭਰ ਗਿਆ ਤੇ ਉਨ੍ਹਾਂ ਦੀ ਧੜਕਣ ਨੂੰ ਕੰਟਰੋਲ ਕਰਨ ਲਈ ਕਾਰਡਿਓਲੋਜਿਸਟ ਸਪੈਸ਼ਲਿਸਟ ਵਲੋਂ ਦਵਾਈਆਂ ਦਿੱਤੀਆਂ ਗਈਆਂ ਤੇ ਪੇਟ 'ਚ ਭਰੇ ਪਾਣੀ ਸੰਬੰਧੀ ਵੀ ਇਲਾਜ ਕੀਤਾ ਗਿਆ ਤੇ ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਦਵਾਈਆਂ ਦਿੱਤੀਆਂ ਗਈਆਂ,ਪਰ ਬਾਅਦ 'ਚ ਮਰੀਜ਼ ਦੀ ਮੌਤ ਹੋ ਗਈ | ਉਨ੍ਹਾਂ ਪਰਿਵਾਰ ਵਲੋਂ ਪੋਸਟਮਾਰਟਮ ਕਰਵਾਏ ਜਾਣ ਦੀ ਮੰਗ 'ਤੇ ਕਿਹਾ ਕਿ ਪੋਸਟਮਾਰਟਮ ਹੋਣਾ ਚਾਹੀਦਾ ਹੈ ਤੇ ਉਹ ਦਸਤਾਵੇਜੀ ਮਦਦ ਸਮੇਤ ਹਰ ਪੱਖ ਤੋਂ ਸਹਿਯੋਗ ਦੇਣ ਲਈ ਤਿਆਰ ਹਨ | ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਖਾਣ ਲਈ ਮੈਗੀ ਨਹੀਂ ਸਗੋਂ ਬਰੀਕ ਸੇਮੀਆਂ ਦਿੱਤੀਆਂ ਗਈਆਂ ਸਨ | ਉਨ੍ਹਾਂ ਕਿਹਾ ਕਿ ਹਸਪਤਾਲ ਦੇ ਸ਼ਡਿਊਲ ਮੁਤਾਬਿਕ ਹੀ ਮਰੀਜ਼ਾਂ ਨੂੰ ਖਾਣਾ ਦਿੱਤਾ ਜਾਂਦਾ ਹੈ, ਜਿਸ ਵਾਸਤੇ ਉਨ੍ਹਾਂ ਕੋਲ ਡਾਇਟ ਸਪੈਸ਼ਲਿਸਟ ਸਟਾਫ਼ ਹੈ | ਇਸ ਸੰਬੰਧੀ ਜਦੋਂ ਪੁਲਿਸ ਥਾਣਾ ਸਿਟੀ ਖਰੜ ਦੇ ਐਸ. ਐਚ. ਓ. ਅਮਰਿੰਦਰ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕਰਨ ਉਪਰੰਤ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਵਰਕ ਵੀਜ਼ਾ ਲਗਵਾਉਣ ਦੇ ਨਾਂਅ 'ਤੇ 8.5 ਲੱਖ ਰੁਪਏ ਦੀ ਧੋਖਾਧੜੀ ਅਗਲੀ ਖ਼ਬਰ ਪੰਜਾਬ ਸਰਕਾਰ ਕਰਮਚਾਰੀਆਂ, ਮਜ਼ਦੂਰਾਂ ਤੇ ਹਾਸ਼ੀਏ 'ਤੇ ਮੌਜੂਦ ਭਾਈਚਾਰਿਆਂ ਦੀ ਭਲਾਈ ਲਈ ਵਚਨਬੱਧ-ਹਰਪਾਲ ਸਿੰਘ ਚੀਮਾ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।