ਵਰਕ ਵੀਜ਼ਾ ਲਗਵਾਉਣ ਦੇ ਨਾਂਅ 'ਤੇ 8.5 ਲੱਖ ਰੁਪਏ ਦੀ ਧੋਖਾਧੜੀ
ਅਜੀਤ ਡੈਸਕ
11-06-2026
ਚੰਡੀਗੜ੍ਹ, 10 ਜੂਨ (ਕਪਿਲ ਵਧਵਾ)- ਵਿਦੇਸ਼ 'ਚ ਵਰਕ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ 8.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਚੰਡੀਗੜ੍ਹ ਦੇ ਸੈਕਟਰ-3 ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਉਗਾਲਨਾ ਵਾਸੀ ਸੁਹੈਲ ਤੇ ਉਸ ਦੇ ਭਰਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਤੇਜ਼ਕਰਨ, ਗੁਰਨੂਰ ਸਿੰਘ ਭੁੱਲਰ ਤੇ ਹੋਰਾਂ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤ ਮੁਤਾਬਕ ਮੁਲਜ਼ਮਾਂ ਨੇ ਗ੍ਰੀਨਲੈਂਡ ਇਮੀਗ੍ਰੇਸ਼ਨ ਐਂਡ ਕਨਸਲਟੈਂਸੀ ਸਰਵਿਸ ਜ਼ਰੀਏ ਵਿਦੇਸ਼ ਦਾ ਵਰਕ ਵੀਜ਼ਾ ਲਗਵਾਉਣ ਦਾ ਵਾਅਦਾ ਕਰਕੇ ਸੈਕਟਰ-10 ਸਥਿਤ ਹੋਟਲ ਮਾਊਾਟਵਿਊ 'ਚ ਉਨ੍ਹਾਂ ਤੋਂ 8.50 ਲੱਖ ਰੁਪਏ ਪ੍ਰਾਪਤ ਕੀਤੇ ਪਰ ਬਾਅਦ ਵਿਚ ਨਾ ਤਾਂ ਵੀਜ਼ਾ ਮੁਹੱਈਆ ਕਰਵਾਇਆ ਤੇ ਨਾ ਹੀ ਰਕਮ ਵਾਪਸ ਕੀਤੀ | ਪੁਲਿਸ ਨੇ ਇਸ ਸਬੰਧੀ ਸ਼ਿਕਾਇਤਕਰਤਾਵਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |