26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਹੈਰੋਇਨ ਸਮੇਤ ਅੰਤਰਰਾਜੀ ਨਸ਼ਾ ਤਸਕਰ ਕਾਬੂ

ਅਜੀਤ ਡੈਸਕ 09-07-2026
ਪੰਚਕੂਲਾ, 8 ਜੁਲਾਈ (ਕਪਿਲ)-ਪੰਚਕੂਲਾ ਪੁਲਿਸ ਦੀ ਐਂਟੀ ਨਾਰਕੋਟਿਕਸ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ 311 ਗ੍ਰਾਮ ਹੈਰੋਇਨ ਸਮੇਤ ਇਕ ਅੰਤਰਰਾਜੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਨ. ਸੀ. ਦੇ ਇੰਚਾਰਜ ਸੌਰਭ ਰਾਵਤ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੀਬ 62 ਲੱਖ ਰੁ. ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ 33 ਸਾਲਾ ਮੁਕੇਸ਼ ਕੁਮਾਰ ਵਾਸੀ ਕੈਥਲ ਹਰਿਆਣਾ ਵਜੋਂ ਹੋਈ ਹੈ ਅਤੇ ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਬੱਦੀ ’ਚ ਕਿਰਾਏ ’ਤੇ ਰਹਿ ਰਿਹਾ ਸੀ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਪੰਚਕੂਲਾ ਅਤੇ ਟ੍ਰਾਈਸਿਟੀ ਖੇਤਰ ’ਚ ਹੈਰੋਇਨ ਦੀ ਸਪਲਾਈ ਕਰਦਾ ਸੀ। ਇਸ ਸੰਬੰਧੀ ਏ. ਐਨ. ਸੀ. ਨੇ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਚੰਡੀਮੰਦਰ ਸਥਿਤ ਸਾਕੇਤ ਹਸਪਤਾਲ ਨੇੜੇ ਫਲਾਈਓਵਰ ਹੇਠਾਂ ਇਕ ਗ੍ਰਾਹਕ ਨੂੰ ਹੈਰੋਇਨ ਦੇਣ ਲਈ ਆ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਸਾਦੇ ਕੱਪੜਿਆਂ ’ਚ ਨਾਕਾਬੰਦੀ ਕਰਕੇ ਸ਼ਾਮ ਕਰੀਬ 5.15 ਵਜੇ ਲਾਲ-ਕਾਲੇ ਰੰਗ ਦੇ ਮੋਟਰਸਾਈਕਲ ’ਤੇ ਆ ਰਹੇ ਮੁਲਜ਼ਮ ਨੂੰ ਕਾਬੂ ਕਰ ਲਿਆ, ਜਿਸ ਦੀ ਤਲਾਸ਼ੀ ਦੌਰਾਨ ਉਸ ਦੀ ਪੈਂਟ ਦੀ ਜੇਬ ’ਚੋਂ 311 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਨੂੰ ਮੌਕੇ ’ਤੇ ਹੀ ਸੀਲ ਕਰਕੇ ਕਬਜ਼ੇ ’ਚ ਲੈ ਲਿਆ ਗਿਆ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਚੰਡੀਮੰਦਰ ਥਾਣੇ ’ਚ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21 (ਸੀ) ਤਹਿਤ ਕੇਸ ਦਰਜ ਕਰਕੇ ਅਦਾਲਤ ਤੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਅਤੇ ਇਸ ਨਾਲ ਜੁੜੇ ਹੋਰ ਤਸਕਰਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਏ. ਐਨ. ਸੀ. ਦੇ ਇੰਚਾਰਜ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਅੰਮ੍ਰਿਤਸਰ ਰਾਹੀਂ ਨਸ਼ੀਲਾ ਪਦਾਰਥ ਲਿਆ ਕੇ ਟ੍ਰਾਈਸਿਟੀ ’ਚ ਸਪਲਾਈ ਕਰਦਾ ਸੀ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਨਸ਼ੇ ਦੀ ਇਹ ਖੇਪ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਤਾਂ ਨਹੀਂ ਆ ਰਹੀ ਸੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਦੀ ਪੂਰੀ ਚੇਨ ਦਾ ਪਰਦਾਫਾਸ਼ ਕਰਕੇ ਇਸ ਨਾਲ ਜੁੜੇ ਹਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਡੇਰਾਬੱਸੀ ਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਹੋਈ ਅਗਲੀ ਖ਼ਬਰ ਡੇਰਾਬੱਸੀ ਤਹਿਸੀਲ ਵਿਖੇ ਰਿਸ਼ਵਤਖੋਰੀ ਦੇ ਦੋਸ਼ ਹੇਠ ਪਟਵਾਰੀ ਖ਼ਿਲਾਫ਼ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।