08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਬਣੀ ਪੰਜਾਬ ਦਾ ਨਵਾਂ ਸੋਸ਼ਲ ਮੀਡੀਆ ਟਰੈਂਡ

ਅਜੀਤ ਡੈਸਕ 11-07-2026
ਚੰਡੀਗੜ੍ਹ, 10 ਜੁਲਾਈ (ਅਜੀਤ ਬਿਊਰੋ)- ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਨਾਲ ਜੁੜੀਆਂ ਹਜ਼ਾਰਾਂ ਅਜਿਹੀਆਂ ਸੋਸ਼ਲ ਮੀਡੀਆ ਰੀਲਾਂ ਸੂਬੇ ਦਾ ਨਵਾਂ ਸੋਸ਼ਲ ਮੀਡੀਆ ਟਰੈਂਡ ਬਣ ਰਹੀਆਂ ਹਨ। ਸਰਕਾਰੀ ਭਲਾਈ ਪ੍ਰੋਗਰਾਮਾਂ ਬਾਰੇ ਆਮ ਤੌਰ ’ਤੇ ਨੀਤੀਗਤ ਐਲਾਨਾਂ, ਬਜਟ ਵੰਡ, ਲਾਭਪਾਤਰੀਆਂ ਦੀ ਗਿਣਤੀ ਅਤੇ ਅਧਿਕਾਰਤ ਪ੍ਰਚਾਰ ਮੁਹਿੰਮਾਂ ਰਾਹੀਂ ਹੀ ਗੱਲ ਕੀਤੀ ਜਾਂਦੀ ਹੈ। ਬਹੁਤ ਘੱਟ ਹੀ ਅਜਿਹਾ ਹੁੰਦਾ ਹੈ ਕਿ ਲਾਭਪਾਤਰੀ ਖੁਦ ਕਿਸੇ ਯੋਜਨਾ ਦੀ ਪਛਾਣ ਬਣਾਉਣ ਅਤੇ ਉਸ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ। ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਨੇ ਇਸ ਰਵਾਇਤੀ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਪੂਰੇ ਪੰਜਾਬ ਵਿਚ ਔਰਤਾਂ ਹਾਸੇ-ਮਜ਼ਾਕ ਵਾਲੀਆਂ ਰੀਲਾਂ, ਡਾਂਸ ਵੀਡੀਉਜ਼, ਲਿਪ-ਸਿੰਕ ਵੀਡੀਓਜ਼ ਅਤੇ ਇਸ ਯੋਜਨਾ ਤੋਂ ਪ੍ਰੇਰਿਤ ਰਚਨਾਤਮਕ ਪੋਸਟਾਂ ਬਣਾ ਰਹੀਆਂ ਹਨ। ਉਨ੍ਹਾਂ ਨੇ ਇਸ ਸਰਕਾਰੀ ਪਹਿਲਕਦਮੀ ਨੂੰ ਜ਼ਮੀਨੀ ਪੱਧਰ ’ਤੇ ਇੱਕ ਸਫ਼ਲ ਸੋਸ਼ਲ ਮੀਡੀਆ ਮੁਹਿੰਮ ਦਾ ਰੂਪ ਦੇ ਦਿੱਤਾ ਹੈ। ਇਸ ਟਰੈਂਡ ਨੂੰ ਖਾਸ ਬਣਾਉਣ ਵਾਲੀ ਗੱਲ ਇਹ ਹੈ ਕਿ ਇਹ ਪੂਰੀ ਤਰ੍ਹਾਂ ਕੁਦਰਤੀ (ਆਰਗੈਨਿਕ) ਹੈ। ਇਸ ਵਿਚ ਨਾ ਤਾਂ ਕੋਈ ਸੈਲਿਬ੍ਰਿਟੀ ਐਂਡੋਰਸਮੈਂਟ ਹੈ ਅਤੇ ਨਾ ਹੀ ਭੁਗਤਾਨ ਕੀਤੇ (ਪੇਡ) ਇਨਫਲੂਐਂਸਰ ਇਸ ਨੂੰ ਅੱਗੇ ਵਧਾ ਰਹੇ ਹਨ। ਲਾਭਪਾਤਰੀ ਖੁਦ ਟਰੈਂਡਿੰਗ ਆਡੀਓ ਟਰੈਕਸ, ਲੋਕਪ੍ਰਿਯ ਰੀਲ ਫਾਰਮੈਟ ਅਤੇ ਰੋਜ਼ਾਨਾ ਜੀਵਨ ਦੇ ਹਾਸੇ-ਠੱਠੇ ਰਾਹੀਂ ਆਪਣੀ ਖੁਸ਼ੀ ਅਤੇ ਅਨੁਭਵ ਆਪਣੀ ਮਾਂ-ਬੋਲੀ ਵਿੱਚ ਸਾਂਝੇ ਕਰ ਰਹੀਆਂ ਹਨ। ਇਸ ਨਾਲ ਇਸ ਡਿਜੀਟਲ ਕੰਟੈਂਟ ਨੂੰ ਇਕ ਵੱਖਰਾ ਪੰਜਾਬੀ ਰੰਗ ਮਿਲਿਆ ਹੈ। ਇਹ ਵੀਡੀਓਜ਼ ਦੋਸਤਾਂ ਅਤੇ ਪਰਿਵਾਰਾਂ ਵਿਚ ਤੇਜ਼ੀ ਨਾਲ ਸਾਂਝੀਆਂ ਹੋ ਰਹੀਆਂ ਹਨ ਅਤੇ “ਟੂੰ ਟੂੰ”ਦੀ ਧੁਨ ਹੁਣ ਘਰਾਂ, ਗਲੀਆਂ ਅਤੇ ਬਾਜ਼ਾਰਾਂ ਵਿਚ ਆਮ ਸੁਣਾਈ ਦੇ ਰਹੀ ਹੈ।
ਸੋਸ਼ਲ ਮੀਡੀਆ ’ਤੇ ਛਾਈਆਂ ਧੁਨਾਂ ਵਿਚੋਂ ਇਕ ਦੀ ਸ਼ੁਰੂਆਤ ਹੁਣ ਹਰ ਕਿਸੇ ਦੀਆਂ ਜਾਣੀਆਂ-ਪਛਾਣੀਆਂ ਇਨ੍ਹਾਂ ਲਾਈਨਾਂ ਨਾਲ ਹੁੰਦੀ ਹੈ- “ਟੂੰ ਟੂੰ ਬਜੇ, ਟੂੰ ਟੂੰ ਬਜੇ’’ ਇਕ ਹੋਰ ਲੋਕਪ੍ਰਿਯ ਗੀਤ ਮਜ਼ਾਕੀਆ ਅੰਦਾਜ਼ ਵਿਚ ਇਹ ਕਲਪਨਾ ਕਰਦਾ ਹੈ ਕਿ ਖਾਤੇ ਵਿਚ ਪੈਸੇ ਆਉਣ ਤੋਂ ਬਾਅਦ ਖਰੀਦਦਾਰੀ ਕਿਵੇਂ ਹੋਵੇਗੀ। “ਦੇਖੀਂ ਆਉਣਗੇ ਲਿਫ਼ਾਫ਼ਿਆਂ ’ਚ ਸੂਟ ਮਿੱਤਰਾ, ਜਦੋਂ ਟੂੰ ਟੂੰ ਹੋਵੇਗੀ। ਇਕ ਵਾਇਰਲ ਰੈਪ ਵਿਚ ਉਹ ਮਜ਼ਾਕੀਆ ਢੰਗ ਨਾਲ ਪੁੱਛਦੇ ਹਨ ਕਿ ਲਾਭ ਸਿਰਫ਼ ਔਰਤਾਂ ਨੂੰ ਹੀ ਕਿਉਂ ਮਿਲ ਰਿਹਾ ਹੈ। “ਸੀ.ਐੱਮ. ਮਾਨ ਨੂੰ ਸੁਨੇਹਾ ਮੇਰਾ ਸਿੱਧਾ ਹੀ ਪੁੱਛ ਲਿਓ, ਬੰਦਿਆਂ ਦੇ ਖਾਤੇ ਵਿਚ 500 ਹੀ ਪਾ ਦਿਓ। ਐਵੇਂ ਕਿਤੇ ਸਾਰਾ ਪੈਸਾ ਬੀਬੀਆਂ ਤੇ ਲਾ ਦਿਓ, ਸਾਨੂੰ ਵੀ ਮਾੜੀ ਮੋਟੀ ਟੂੰ ਤਾਂ ਸੁਣਾ ਦਿਓ। ਇਹ ਹਾਸਾ-ਠੱਠਾ ਦਰਸਾਉਂਦਾ ਹੈ ਕਿ ਇਹ ਯੋਜਨਾ ਆਮ ਲੋਕਾਂ ਦੀ ਰੋਜ਼ਾਨਾ ਦੀ ਗੱਲਬਾਤ ਦਾ ਹਿੱਸਾ ਬਣ ਚੁੱਕੀ ਹੈ। ਇੱਕ ਭਲਾਈ ਯੋਜਨਾ ਹੁਣ ਇੱਕ ਸੱਭਿਆਚਾਰਕ ਚਰਚਾ ਦਾ ਰੂਪ ਲੈ ਚੁੱਕੀ ਹੈ, ਜਿਸ ਨੇ ਲੋਕਾਂ ਦੇ ਜੀਵਨ ਨਾਲ ਜੁੜਿਆ ਹੋਇਆ ਮਨੋਰੰਜਕ ਅਤੇ ਵਿਆਪਕ ਤੌਰ ’ਤੇ ਸਾਂਝਾ ਕੀਤਾ ਜਾਣ ਵਾਲਾ ਕੰਟੈਂਟ ਪੈਦਾ ਕੀਤਾ ਹੈ। ਪੰਜਾਬ ਵਿਚ ਲਾਭਪਾਤਰੀਆਂ ਨੇ ਇੱਕ ਸਰਕਾਰੀ ਯੋਜਨਾ ਨੂੰ ਸੱਭਿਆਚਾਰਕ ਚਰਚਾ ਵਿਚ ਬਦਲ ਦਿੱਤਾ ਹੈ—ਇੱਕ ਅਜਿਹੀ ਚਰਚਾ ਜੋ ਅਧਿਕਾਰਤ ਸਲੋਗਨਾਂ ਨਾਲ ਨਹੀਂ, ਬਲਕਿ ਲੋਕਾਂ ਦੀਆਂ ਆਪਣੀਆਂ ਆਵਾਜ਼ਾਂ, ਸਾਂਝੇ ਅਨੁਭਵਾਂ ਤੇ “ਟੂੰ ਟੂੰ”ਦੀ ਪਿਆਰੀ ਧੁਨ ਰਾਹੀਂ ਘਰ-ਘਰ ਫੈਲ ਰਹੀ ਹੈ।
ਪਿਛਲੀ ਖ਼ਬਰ ਡੇਰਾਬੱਸੀ ਦੇ ਮੁੱਖ ਬਾਜ਼ਾਰ ’ਚ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਹਜ਼ਾਰਾਂ ਰੁ. ਦੀ ਨਕਦੀ ਤੇ ਸਾਮਾਨ ਕੀਤਾ ਚੋਰੀ ਅਗਲੀ ਖ਼ਬਰ ਜਨਤਕ ਥਾਵਾਂ ’ਤੇ ਸ਼ਰਾਬ ਪੀ ਕੇ ਹੰਗਾਮਾ ਕਰਨ ਦੇ ਦੋਸ਼ ਹੇਠ ਚਾਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।