ਪੰਚਕੂਲਾ, 18 ਜੁਲਾਈ (ਕਪਿਲ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਤਪਾਲ ਸ਼ਰਮਾ ਨੇ ਕਿਹਾ ਕਿ ਵਿਸ਼ੇਸ਼ ਗਹਿਰੀ ਸੁਧਾਈ (ਐੱਸ. ਆਈ. ਆਰ.) ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦੀ ਇਕ ਮਹੱਤਵਪੂਰਨ ਪ੍ਰਕਿਰਿਆ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੁੱਚੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 24 ਜੁਲਾਈ ਤੋਂ ਪਹਿਲਾਂ ਆਪਣਾ ਗਣਨਾ ਫਾਰਮ ਭਰ ਕੇ ਸੰਬੰਧਿਤ ਬੀ. ਐੱਲ. ਓਜ਼. ਕੋਲ ਜਮ੍ਹਾਂ ਕਰਵਾਉਣ ਤਾਂ ਜੋ ਨਿਰਧਾਰਤ ਸਮੇਂ ਅੰਦਰ ਗ਼ਲਤੀ-ਰਹਿਤ ਵੋਟਰ ਸੂਚੀ ਤਿਆਰ ਕੀਤੀ ਜਾ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿਹੜੇ ਵੋਟਰ ਗਣਨਾ ਫਾਰਮ ਨਹੀਂ ਭਰਨਗੇ, ਉਨ੍ਹਾਂ ਦੇ ਵੋਟ ਕੱਟੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਵੋਟਰ ਤਸਦੀਕ ਅਤੇ ਡਿਜ਼ੀਟਲਾਈਜ਼ੇਸ਼ਨ ਦਾ ਕਰੀਬ 76 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੋਟਰ ਹਾਲੇ ਤੱਕ ਗਣਨਾ ਫਾਰਮ ਨਹੀਂ ਭਰ ਸਕੇ, ਉਹ ਜਲਦ ਤੋਂ ਜਲਦ ਆਪਣਾ ਫਾਰਮ ਪੂਰਾ ਕਰਕੇ ਸੰਬੰਧਿਤ ਬੀ. ਐਲ. ਓ. ਨੂੰ ਦੇਣ ਤਾਂ ਜੋ ਵੋਟਰ ਸੂਚੀ ਦੇ ਡਿਜ਼ੀਟਲਾਈਜ਼ੇਸ਼ਨ ਦਾ ਕੰਮ ਸਮੇਂ ਸਿਰ ਪੂਰਾ ਹੋ ਸਕੇ। ਉਨ੍ਹਾਂ ਈ. ਆਰ. ਓ., ਏ. ਈ. ਆਰ. ਓ., ਸੁਪਰਵਾਈਜ਼ਰਾਂ ਅਤੇ ਬੀ. ਐਲ. ਓਜ਼. ਨੂੰ ਗਣਨਾ ਫਾਰਮ ਭਰਵਾਉਣ ਅਤੇ ਇਕੱਠੇ ਕਰਨ ਦੀ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਦੇ ਜਿਹੜੇ ਯੋਗ ਨਾਗਰਿਕ ਕਿਸੇ ਕਾਰਨ ਆਪਣਾ ਗਣਨਾ ਫਾਰਮ ਨਹੀਂ ਭਰ ਸਕੇ, ਉਹ 31 ਜੁਲਾਈ ਤੋਂ ਲੈ ਕੇ 30 ਅਗਸਤ ਤੱਕ ਨਵੇਂ ਵੋਟਰ ਵਜੋਂ ਰਜਿਸਟ੍ਰੇਸ਼ਨ ਲਈ ਫਾਰਮ ਭਰ ਸਕਦੇ ਹਨ। ਉਨ੍ਹਾਂ ਕਿਹਾ ਕਿ 1 ਜੁਲਾਈ ਤੱਕ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨ ਲੜਕੇ-ਲੜਕੀਆਂ ਆਪਣਾ ਵੋਟਰ ਪਛਾਣ ਪੱਤਰ ਜ਼ਰੂਰ ਬਣਵਾਉਣ ਅਤੇ ਲੋਕਤੰਤਰਿਕ ਪ੍ਰਕਿਰਿਆ ਦਾ ਹਿੱਸਾ ਬਣਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸੰਬੰਧ ‘ਚ ਚੋਣ ਵਿਭਾਗ ਵਲੋਂ ਕਿਸੇ ਵੀ ਵੋਟਰ ਤੋਂ ਓ. ਟੀ. ਪੀ. ਜਾਂ ਕਿਸੇ ਲਿੰਕ ਨੂੰ ਸਾਂਝਾ ਕਰਨ ਦੀ ਮੰਗ ਨਹੀਂ ਕੀਤੀ ਜਾਂਦੀ, ਸਗੋਂ ਵਿਭਾਗ ਵਲੋਂ ਨਿਯੁਕਤ ਬੀ. ਐੱਲ. ਓ. ਖ਼ੁਦ ਵੋਟਰਾਂ ਨਾਲ ਨਿੱਜੀ ਤੌਰ ‘ਤੇ ਸੰਪਰਕ ਕਰਕੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਐੱਸ. ਆਈ. ਆਰ. ਦਾ ਮੁੱਖ ਉਦੇਸ਼ ਗ਼ਲਤੀ-ਰਹਿਤ ਅਤੇ ਪਾਰਦਰਸ਼ੀ ਵੋਟਰ ਸੂਚੀ ਤਿਆਰ ਕਰਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣਾ ਹੈ।