ਚੰਡੀਗੜ੍ਹ, 20 ਜੁਲਾਈ (ਮਾਰਕੰਡਾ)-ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਅਹੁਦੇਦਾਰਾਂ ਦੀ ਮੀਟਿੰਗ ਪ੍ਰਧਾਨ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਦੱਸਿਆ ਕਿ ਸਭਾ ਦੀਆਂ ਤਿੰਨ ਸਾਲਾਂ ਬਾਅਦ ਹੋਣ ਵਾਲੀਆਂ ਚੋਣਾਂ ਇਸ ਸਾਲ 31 ਅਕਤੂਬਰ ਤੋਂ ਪਹਿਲਾਂ ਕਰਵਾਈਆਂ ਜਾਣੀਆਂ ਹਨ। ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੈਂਬਰਸ਼ਿਪ ਨਵਿਆਉਣ ਅਤੇ ਨਵੇਂ ਮੈਂਬਰ ਬਣਾਉਣ ਦੀ ਆਖ਼ਰੀ ਮਿਤੀ 31 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਉਨ੍ਹਾਂ ਸਭਾ ਨਾਲ ਸੰਬੰਧਿਤ ਸਮੂਹ ਸਾਹਿਤ ਸਭਾਵਾਂ, ਉਨ੍ਹਾਂ ਦੇ ਅਹੁਦੇਦਾਰਾਂ, ਕਾਰਜਕਾਰਨੀ ਮੈਂਬਰਾਂ ਅਤੇ ਪੰਜਾਬੀ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਇਲਾਕਿਆਂ ਦੀਆਂ ਸਾਹਿਤ ਸਭਾਵਾਂ ਨਾਲ ਤਾਲਮੇਲ ਕਰਕੇ ਆਪਣੀ ਮੈਂਬਰਸ਼ਿਪ ਨਵਿਆਉਣ ਅਤੇ ਨਵੇਂ ਮੈਂਬਰਾਂ ਦੇ ਵੇਰਵੇ 31 ਜੁਲਾਈ ਤੱਕ ਕੇਂਦਰੀ ਦਫ਼ਤਰ ਨੂੰ ਭੇਜਣ। ਨਵੀਂ ਮੈਂਬਰਸ਼ਿਪ ਲਈ ਬਿਨੈਕਾਰ ਕੋਲ ਘੱਟੋ-ਘੱਟ ਇੱਕ ਸਾਹਿਤਕ ਪੁਸਤਕ ਪ੍ਰਕਾਸ਼ਿਤ ਹੋਣੀ ਲਾਜ਼ਮੀ ਹੈ। ਜੇਕਰ ਪੁਸਤਕ ਪ੍ਰਕਾਸ਼ਨ ਅਧੀਨ ਹੈ ਤਾਂ ਉਸ ਦਾ ਖਰੜਾ ਵੀ ਪ੍ਰਵਾਨਯੋਗ ਹੋਵੇਗਾ । ਇਸ ਤੋਂ ਇਲਾਵਾ ਕਿਸੇ ਨਾਮਵਰ ਅਖ਼ਬਾਰ ਜਾਂ ਸਾਹਿਤਕ ਰਸਾਲੇ ਵਿੱਚ ਘੱਟੋ-ਘੱਟ ਵੀਹ ਮੌਲਿਕ ਰਚਨਾਵਾਂ ਪ੍ਰਕਾਸ਼ਿਤ ਹੋਣ ਨੂੰ ਵੀ ਯੋਗਤਾ ਵਜੋਂ ਸਵੀਕਾਰ ਕੀਤਾ ਜਾਵੇਗਾ। ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ, ਮੀਤ ਪ੍ਰਧਾਨ ਬਲਵਿੰਦਰ ਸੰਧੂ, ਦਲਜੀਤ ਸਿੰਘ ਸ਼ਾਹੀ, ਸ਼ੈਲਿੰਦਰਜੀਤ ਸਿੰਘ ਰਾਜਨ, ਸਕੱਤਰ ਸੁਰਿੰਦਰ ਪ੍ਰੀਤ ਘਣੀਆ, ਕਾਰਜਕਾਰਨੀ ਮੈਂਬਰ ਡਾ. ਸ਼ਿੰਦਰਪਾਲ ਸਿੰਘ, ਜਤਿੰਦਰ ਮਾਹਲ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਵੀ ਹਾਜ਼ਰ ਸਨ।