ਲਾਪਤਾ ਧੀ ਦੀ ਭਾਲ ਲਈ ਦਰ-ਦਰ ਭਟਕਣ ਲਈ ਮਜਬੂਰ ਪਰਿਵਾਰ
ਜ਼ੀਰਕਪੁਰ, 16 ਅਗਸਤ (ਮਨਿੰਦਰ ਸਿੰਘ)- ਜ਼ੀਰਕਪੁਰ ਦੇ ਨਾਭਾ-ਭਬਾਤ ਰੋਡ ‘ਤੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦੀ 20 ਸਾਲਾ ਲੜਕੀ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਲਾਪਤਾ ਹੈ। ਲੜਕੀ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵਲੋਂ ਉਸਦੀ ਆਪਣੇ ਪੱਧਰ ‘ਤੇ ਕਾਫ਼ੀ ਭਾਲ ਕੀਤੀ ਗਈ, ਪਰ ਕੋਈ ਸੁਰਾਗ ਨਹੀਂ ਮਿਲਿਆ।
ਜ਼ੀਰਕਪੁਰ, 16 ਅਗਸਤ (ਮਨਿੰਦਰ ਸਿੰਘ)- ਜ਼ੀਰਕਪੁਰ ਦੇ ਨਾਭਾ-ਭਬਾਤ ਰੋਡ ‘ਤੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦੀ 20 ਸਾਲਾ ਲੜਕੀ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਲਾਪਤਾ ਹੈ। ਲੜਕੀ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵਲੋਂ ਉਸਦੀ ਆਪਣੇ ਪੱਧਰ ‘ਤੇ ਕਾਫ਼ੀ ਭਾਲ ਕੀਤੀ ਗਈ, ਪਰ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰ ਮੁਤਾਬਕ ਲੜਕੀ 22 ਜੂਨ 2026 ਨੂੰ ਅਚਾਨਕ ਲਾਪਤਾ ਹੋ ਗਈ ਸੀ। ਕਾਫ਼ੀ ਭਾਲ ਕਰਨ ਤੋਂ ਬਾਅਦ ਜਦੋਂ ਪਰਿਵਾਰ ਨੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਕਥਿਤ ਤੌਰ ‘ਤੇ ਇਕ ਕਾਰ ਸਵਾਰ ਵਿਅਕਤੀ ਲੜਕੀ ਨੂੰ ਆਪਣੀ ਗੱਡੀ ‘ਚ ਬਿਠਾ ਕੇ ਲੈ ਜਾਂਦਾ ਨਜ਼ਰ ਆਇਆ। ਇਸ ਤੋਂ ਬਾਅਦ ਪਰਿਵਾਰ ਨੇ ਤੁਰੰਤ ਜ਼ੀਰਕਪੁਰ ਪੁਲਿਸ ਕੋਲ ਪਹੁੰਚ ਕਰ ਕੇ ਲੜਕੀ ਦੇ ਅਗਵਾ ਹੋਣ ਦਾ ਸ਼ੱਕ ਜਤਾਉਂਦਿਆਂ ਸ਼ਿਕਾਇਤ ਦਰਜ ਕਰਵਾਈ। ਪਰਿਵਾਰ ਦਾ ਦੋਸ਼ ਹੈ ਕਿ ਸ਼ਿਕਾਇਤ ਦੇ ਕਰੀਬ ਇੱਕ ਹਫ਼ਤੇ ਬਾਅਦ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ। ਹੁਣ ਲੜਕੀ ਨੂੰ ਲਾਪਤਾ ਹੋਇਆਂ ਲਗਭਗ ਦੋ ਮਹੀਨੇ ਬੀਤਣ ਵਾਲੇ ਹਨ, ਪਰ ਅਜੇ ਤੱਕ ਉਸਦਾ ਕੋਈ ਪਤਾ ਨਹੀਂ ਲੱਗ ਸਕਿਆ। ਪਰਿਵਾਰ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਜ਼ੀਰਕਪੁਰ ਥਾਣੇ ਦੇ ਚੱਕਰ ਲਗਾ ਚੁੱਕੇ ਹਨ ਅਤੇ ਐਸ. ਐਸ. ਪੀ. ਮੁਹਾਲੀ ਕੋਲ ਵੀ ਆਪਣੀ ਗੁਹਾਰ ਲਗਾ ਚੁੱਕੇ ਹਨ, ਪਰ ਉਨ੍ਹਾਂ ਨੂੰ ਲੜਕੀ ਦੀ ਭਾਲ ਸਬੰਧੀ ਕੋਈ ਠੋਸ ਜਾਣਕਾਰੀ ਨਹੀਂ ਮਿਲ ਰਹੀ। ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਲੜਕੀ ਨੂੰ ਜਲਦ ਤੋਂ ਜਲਦ ਬਰਾਮਦ ਕੀਤਾ ਜਾਵੇ। ਮਾਮਲੇ ਸੰਬੰਧੀ ਥਾਣਾ ਜ਼ੀਰਕਪੁਰ ਦੇ ਇੰਚਾਰਜ ਨੇ ਕਿਹਾ ਕਿ ਪੁਲਿਸ ਵਲੋਂ ਲੜਕੀ ਦੇ ਅਗਵਾ ਹੋਣ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੜਕੀ ਦੀ ਭਾਲ ਲਈ ਕਾਰਵਾਈ ਜਾਰੀ ਹੈ।