29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਡਿੰਪਲ ਕਤਲ ਮਾਮਲੇ ’ਚ ਪੁਲਿਸ ਨੇ ਪੇਸ਼ ਕੀਤਾ ਕਰੀਬ 300 ਪੰਨ੍ਹਿਆ ਦਾ ਚਲਾਨ

ਐੱਸ. ਏ.

ਅਜੀਤ ਡੈਸਕ 29-08-2026
ਐੱਸ. ਏ. ਐੱਸ. ਨਗਰ, 28 ਅਗਸਤ (ਕਪਿਲ ਵਧਵਾ)- ਬੀਤੀ 4 ਜੂਨ ਨੂੰ ਨਿੱਜੀ ਲੋਜਿਸਟਿਕਸ ਕੰਪਨੀ ਵਿਚ ਕੰਮ ਕਰਨ ਵਾਲੀ ਡਿੰਪਲ ਨਾਂਅ ਦੀ ਲੜਕੀ ਦੇ ਕਤਲ ਮਾਮਲੇ ਵਿਚ ਮੁਹਾਲੀ ਦੇ ਥਾਣਾ ਫੇਜ਼-11 ਦੀ ਪੁਲਿਸ ਵਲੋਂ ਕਰੀਬ 300 ਪੰਨ੍ਹਿਆਂ ਦਾ ਚਲਾਨ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਇਸ ਮਾਮਲੇ ‘ਚ ਮੁਲਜ਼ਮ ਹਰਜਿੰਦਰ ਸਿੰਘ ਮਾਨ, ਜੋ ਕਿ ਉਸੇ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਮ੍ਰਿਤਕਾ ਨੂੰ ਪਸੰਦ ਕਰਦਾ ਸੀ, ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਫ਼ਿਲਹਾਲ ਮੁਲਜ਼ਮ ਨਿਆਂਇਕ ਹਿਰਾਸਤ ਅਧੀਨ ਜੇਲ੍ਹ ‘ਚ ਬੰਦ ਹੈ। ਹਾਸਿਲ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਐਮਾਜ਼ੋਨ ਤੋਂ ਦੋ ਚਾਕੂ ਮੰਗਵਾਏ ਸਨ। ਘਟਨਾ ਵਾਲੇ ਦਿਨ ਇਨ੍ਹਾਂ ‘ਚੋਂ ਇਕ ਚਾਕੂ ਨਾਲ ਉਸ ਨੇ ਡਿੰਪਲ ‘ਤੇ ਕਥਿਤ ਤੌਰ ‘ਤੇ ਦਰਜਨਾਂ ਵਾਰ ਕਰਕੇ ਉਸ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਖ਼ੁਦ ਨੂੰ ਵੀ ਹਲਾਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਕਿ ਡਿੰਪਲ ਦੀ ਮੌਤ ਹੋ ਗਈ ਸੀ, ਜਦਕਿ ਡਾਕਟਰਾਂ ਵਲੋਂ ਮੁਲਜ਼ਮ ਦੀ ਜਾਨ ਬਚਾ ਲਈ ਗਈ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਦੌਰਾਨ ਕਥਿਤ ਤੌਰ ‘ਤੇ ਮੁਲਜ਼ਮ ਵਲੋਂ ਐਮਾਜ਼ੋਨ ਤੋਂ ਮੰਗਵਾਏ ਗਏ ਦੋਵੇਂ ਚਾਕੂ, ਖ਼ੂਨ ਨਾਲ ਲਥਪਥ ਕੱਪੜੇ, ਘਟਨਾ ਸਥਾਨ ਤੇ ਆਸ-ਪਾਸ ਦੀ ਸੀ. ਸੀ. ਟੀ. ਵੀ. ਫੁਟੇਜ਼, ਮੁਲਜ਼ਮ ਤੇ ਮ੍ਰਿਤਕਾ ਦਰਮਿਆਨ ਹੋਈ ਗੱਲਬਾਤ ਦੇ ਸਕਰੀਨਸ਼ਾਟ ਅਤੇ ਬੈਂਕ ਖਾਤਿਆਂ ਨਾਲ ਸੰਬੰਧਿਤ ਵੇਰਵਿਆਂ ਸਮੇਤ ਹੋਰ ਸਬੂਤ ਇਕੱਠੇ ਕੀਤੇ ਗਏ ਹਨ। ਚਲਾਨ ਵਿਚ ਪੁਲਿਸ ਵਲੋਂ ਕੁੱਲ 35 ਗਵਾਹਾਂ ਦੇ ਬਿਆਨ ਵੀ ਦਰਜ ਕਰਕੇ ਰਿਕਾਰਡ ‘ਤੇ ਪੇਸ਼ ਕੀਤੇ ਗਏ ਹਨ, ਜਿਨ੍ਹਾਂ ‘ਚ 5 ਦੇ ਕਰੀਬ ਚਸ਼ਮਦੀਦ ਗਵਾਹ ਵੀ ਸ਼ਾਮਿਲ ਦੱਸੇ ਗਏ ਹਨ। ਪੁਲਿਸ ਨੇ 90 ਦਿਨਾਂ ਦੀ ਕਾਨੂੰਨੀ ਸਮਾਂ-ਸੀਮਾ ਦੇ ਅੰਦਰ ਜਾਂਚ ਮੁਕੰਮਲ ਕਰਕੇ ਅਦਾਲਤ ‘ਚ ਚਲਾਨ ਪੇਸ਼ ਕੀਤਾ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਅਦਾਲਤੀ ਕਾਰਵਾਈ ਅੱਗੇ ਵਧੇਗੀ ਅਤੇ ਪੇਸ਼ ਕੀਤੇ ਗਏ ਸਬੂਤਾਂ ਤੇ ਗਵਾਹਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀ ਕੌਂਸਲ ਚੋਣਾਂ 31 ਨੂੰ ਅਗਲੀ ਖ਼ਬਰ 1.63 ਕਰੋੜ ਰੁ. ਲੈ ਕੇ ਫਲੈਟ ਕਿਸੇ ਹੋਰ ਨੂੰ ਵੇਚਣ ਦੇ ਮਾਮਲੇ ’ਚ ਔਰਤ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।