ਐੱਸ. ਏ. ਐੱਸ. ਨਗਰ, 27 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਰਚਨਾਤਮਕ ਪ੍ਰਗਟਾਵੇ ਦੇ ਨਵੇਂ ਰੂਪਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਡਿਜ਼ਾਇਨ (ਯੂ. ਆਈ. ਡੀ.) ਵਲੋਂ ਦੋ ਰੋਜ਼ਾ ‘ਕਲਾਗਿਰੀ-2026 ਨੈਸ਼ਨਲ ਆਰਟ ਐਂਡ ਡਿਜ਼ਾਈਨ ਫੈਸਟ’ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਦੇਸ਼ ਭਰ ਦੀਆਂ 15 ਯੂਨੀਵਰਸਿਟੀਆਂ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਹਿੱਸਾ ਲਿਆ ਜਾ ਰਿਹਾ ਹੈ। ਇਸ ਫੈਸਟ ਦੇ ਉਦਘਾਟਨ ਮੌਕੇ ਡਾ. ਸਈਦ ਆਬਿਦ ਰਸ਼ੀਦ ਸ਼ਾਹ ਸਕੱਤਰ ਸੱਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ, ਪ੍ਰੋ. ਡਾ. ਸੇਰੀਆਨੀ ਜੂਲੀਆ ਐਡਰੀਅਨ ਯੂਨੀਵਰਸਿਟੀ ਆਫ਼ ਬਰਗਾਮੋ ਇਟਲੀ, ਭੀਮ ਮਲਹੋਤਰਾ ਚੇਅਰਮੈਨ ਲਲਿਤ ਕਲਾ ਚੰਡੀਗੜ੍ਹ, ਰਵਿੰਦਰ ਸ਼ਰਮਾ ਵਾਈਸ ਚੇਅਰਮੈਨ ਸੀ. ਐੱਲ. ਕੇ. ਏ., ਅਨੁਭੂਤੀ ਬਿਓਹਰ ਸ਼ਰਮਾ ਡਾਇਰੈਕਟਰ ਅਤੇ ਡਿਜ਼ਾਈਨਰ ਅਵਾਮਾ, ਅੰਕਿਤ ਖੇੜਾ ਡਿਜ਼ਾਈਨਰ ਤੇ ਜੰਨਤ ਸੰਧੂ ਡਾਇਰੈਕਟਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਚੰਡੀਗੜ੍ਹ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਦੇ ਸਕੱਤਰ ਡਾ. ਸਈਦ ਆਬਿਦ ਰਸ਼ੀਦ ਸ਼ਾਹ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਦੌਰ ‘ਚ ਕਾਮਯਾਬੀ ਹਾਸਿਲ ਕਰਨ ਲਈ ਸਖ਼ਤ ਮਿਹਨਤ, ਲਗਨ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਬੇਹੱਦ ਜ਼ਰੂਰੀ ਹੈ। ਇਸ ਮੌਕੇ ਇਟਲੀ ਦੀ ਯੂਨੀਵਰਸਿਟੀ ਆਫ਼ ਬਰਗਾਮੋ ਤੋਂ ਆਏ ਪ੍ਰੋ. ਸੇਰਿਆਨੀ ਜੂਲੀਆ ਐਡਰੀਅਨ ਨੇ ਕਿਹਾ ਕਿ ਕਲਾ, ਦਸਤਕਾਰੀ ਅਤੇ ਸਿਰਜਣਾਤਮਕਤਾ ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ ਨੂੰ ਆਪਸੀ ਸਾਂਝ ਅਤੇ ਬਰਾਬਰੀ ਦੇ ਆਧਾਰ ‘ਤੇ ਜੋੜਨ ਦਾ ਮਜ਼ਬੂਤ ਮਾਧਿਅਮ ਹਨ। ਇਸ ਮੌਕੇ ਚੰਡੀਗੜ੍ਹ ਲਲਿਤ ਕਲਾ ਅਕਾਦਮੀ ਦੇ ਉਪ-ਚੇਅਰਮੈਨ ਰਵਿੰਦਰ ਸ਼ਰਮਾ, ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਐੱਸ. ਐੱਸ. ਸਹਿਗਲ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਡਾਇਰੈਕਟਰ ਜੰਨਤ ਸੰਧੂ ਨੇ ਕਿਹਾ ਕਿ ਸਿੱਖਿਆ ਸਿਰਫ਼ ਅਕਾਦਮਿਕ ਸਫ਼ਲਤਾ ਤੱਕ ਹੀ ਸੀਮਿਤ ਨਹੀਂ ਹੈ। ਇਸ ਤੋਂ ਇਲਾਵਾ ‘ਕਲਚਰ ਰਨਵੇਅ’ ਫੈਸ਼ਨ ਸ਼ੋਅ, ਸਿਰਜਣਾਤਮਕ ਇੰਸਟਾਲੇਸ਼ਨਾਂ, ਫਲੋਟਸ, ਇੰਟਰਐਕਟਿਵ ਪ੍ਰਦਰਸ਼ਨੀਆਂ ਅਤੇ ਕਲਾ ਤੇ ਖਾਣ-ਪੀਣ ਦੇ ਸਟਾਲਾਂ ਵਲੋਂ ਫੈਸਟ ਦੀ ਰੌਣਕ ‘ਚ ਵਾਧਾ ਕੀਤਾ ਜਾਵੇਗਾ। ‘ਕਲਾਗਿਰੀ 2026’ ਫੈਸਟ ਦਾ ਮੁੱਖ ਆਕਰਸ਼ਣ 15 ਕਾਰੀਗਰਾਂ ਦੀ ਸ਼ਮੂਲੀਅਤ ਵਾਲੀ ਕਰਾਫਟ ਰੈਜ਼ੀਡੈਂਸੀ ਰਹੀ, ਜਦਕਿ ਪੰਜ ਕਲਾਕਾਰਾਂ ਨੇ ਆਰਟ ਰੈਜ਼ੀਡੈਂਸੀ ਦੌਰਾਨ ਲਾਈਵ ਪੇਂਟਿੰਗ ਦੀ ਪੇਸ਼ਕਾਰੀ ਦਿੱਤੀ। ਇਸ ਮੌਕੇ ਲਗਾਈ ਗਈ ‘ਆਕਾਰ 7.0’ ਪ੍ਰਦਰਸ਼ਨੀ ‘ਚ ਯੂ. ਆਈ. ਡੀ. ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਦਸਤਕਾਰੀ-ਆਧਾਰਿਤ ਰਚਨਾਵਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਤੋਂ ਇਲਾਵਾ ਡਿਜ਼ਾਈਨ ਸ਼ੋਅਕੇਸ ‘ਚ ਵਿਦਿਆਰਥੀਆਂ ਦੇ ਪ੍ਰਾਜੈਕਟ, ਪ੍ਰਯੋਗਾਤਮਕ ਮਾਡਲ, ਪੇਂਟਿੰਗਾਂ, ਮੂਰਤੀਆਂ, ਫੈਸ਼ਨ ਰਚਨਾਵਾਂ ਅਤੇ ਸਥਾਨਿਕ ਸਥਾਪਨਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਵਿਦਿਆਰਥੀਆਂ ਦੀ ਸਿਰਜਣਾਤਮਕ ਸਿੱਖਿਆ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਕੂਲ ਅਧਿਆਪਕਾਂ ਵਾਸਤੇ ਰਚਨਾਤਮਕ ਖੇਤਰਾਂ ‘ਚ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਇਕ ਮਾਸਟਰਕਲਾਸ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਦੇ ਨਾਲ ਹੀ ਰੀਲ ਬਣਾਉਣ ਦੇ ਮੁਕਾਬਲੇ ਰਾਹੀਂ ਡਿਜ਼ੀਟਲ ਕਹਾਣੀਕਾਰੀ ਨੂੰ ਵੀ ਉਤਸ਼ਾਹਿਤ ਕੀਤਾ ਗਿਆ।