ਟਰਾਂਸਪੋਰਟ ਮੁਲਾਜ਼ਮਾਂ ਦੀਆਂ ਮੰਗਾਂ ਲੈ ਕੇ ਰਾਜਪਾਲ ਕੋਲ ਪੁੱਜਿਆ ਭਾਰਤੀ ਮਜ਼ਦੂਰ ਸੰਘ ਦਾ ਵਫ਼ਦ
ਚੰਡੀਗੜ੍ਹ, 30 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਬਿਹਤਰ ਬਣਾਉਣ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਭਾਰਤੀ ਟਰਾਂਸਪੋਰਟ ਮਜ਼ਦੂਰ ਮਹਾਸੰਘ ਦੇ 7 ਮੈਂਬਰੀ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਮੰਗਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਵਫ਼ਦ ਨੇ ਬੱਸਾਂ ਦੀ ਘਾਟ ਦੂਰ ਕਰਨ, ਚਾਲਕਾਂ ਲਈ ਤਰੱਕੀ ਦਾ ਰਾਹ ਖੋਲ੍ਹਣ ਅਤੇ ਸੇਵਾ ਤੋਂ ਹਟਾਏ ਗਏ ਕੰਡਕਟਰਾਂ ਨੂੰ ਮੁੜ ਨੌਕਰੀ ’ਤੇ ਰੱਖਣ ਦੀ ਮੰਗ ਕਰਦਿਆਂ ਇਨ੍ਹਾਂ ਦੇ ਜਲਦੀ ਹੱਲ ਦੀ ਅਪੀਲ ਕੀਤੀ।
ਚੰਡੀਗੜ੍ਹ, 30 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਬਿਹਤਰ ਬਣਾਉਣ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਭਾਰਤੀ ਟਰਾਂਸਪੋਰਟ ਮਜ਼ਦੂਰ ਮਹਾਸੰਘ ਦੇ 7 ਮੈਂਬਰੀ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਮੰਗਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਵਫ਼ਦ ਨੇ ਬੱਸਾਂ ਦੀ ਘਾਟ ਦੂਰ ਕਰਨ, ਚਾਲਕਾਂ ਲਈ ਤਰੱਕੀ ਦਾ ਰਾਹ ਖੋਲ੍ਹਣ ਅਤੇ ਸੇਵਾ ਤੋਂ ਹਟਾਏ ਗਏ ਕੰਡਕਟਰਾਂ ਨੂੰ ਮੁੜ ਨੌਕਰੀ ’ਤੇ ਰੱਖਣ ਦੀ ਮੰਗ ਕਰਦਿਆਂ ਇਨ੍ਹਾਂ ਦੇ ਜਲਦੀ ਹੱਲ ਦੀ ਅਪੀਲ ਕੀਤੀ। ਰਾਜਪਾਲ ਨੇ ਵਫ਼ਦ ਨੂੰ ਮੰਗਾਂ ’ਤੇ ਜਲਦੀ ਹਾਂ-ਪੱਖੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਭਾਰਤੀ ਟਰਾਂਸਪੋਰਟ ਮਜ਼ਦੂਰ ਮਹਾਸੰਘ ਦੇ ਆਲ ਇੰਡੀਆ ਜਨਰਲ ਸਕੱਤਰ ਰਾਜੂ ਭਾਲੇ ਰਾਓ ਦੀ ਅਗਵਾਈ ਹੇਠ ਮਿਲੇ ਵਫ਼ਦ ਨੇ ਮੰਗ ਕੀਤੀ ਕਿ ਚੰਡੀਗੜ੍ਹ ਟਰਾਂਸਪੋਰਟ ਵਿਭਾਗ ’ਚ ਨਵੀਆਂ ਬੱਸਾਂ ਦੀ ਖ਼ਰੀਦ ਕੀਤੀ ਜਾਵੇ ਤਾਂ ਜੋ ਸ਼ਹਿਰ ਦੀ ਜਨਤਕ ਆਵਾਜਾਈ ਸੇਵਾ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਬੱਸ ਚਾਲਕਾਂ ਲਈ ਵੀ ਤਰੱਕੀ ਦੀ ਵਿਵਸਥਾ ਲਾਗੂ ਕਰਨ ਦੀ ਮੰਗ ਉਠਾਈ ਗਈ ਤਾਂ ਜੋ ਉਨ੍ਹਾਂ ਨੂੰ ਵੀ ਵਿਭਾਗ ਵਿਚ ਤਰੱਕੀ ਦੇ ਬਰਾਬਰ ਮੌਕੇ ਮਿਲ ਸਕਣ। ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਪਹਿਲਾਂ ਖ਼ਤਮ ਹੋ ਚੁੱਕੀ 20 ਕਰੋੜ ਰੁਪਏ ਦੀ ਰਾਸ਼ੀ ਦੀ ਵਰਤੋਂ ਕਰਕੇ ਟਰਾਂਸਪੋਰਟ ਵਿਭਾਗ ਲਈ ਨਵੇਂ ਵਾਹਨ ਖ਼ਰੀਦੇ ਜਾਣ। ਇਸ ਤੋਂ ਇਲਾਵਾ ਲਗਭਗ ਇਕ ਸਾਲ ਪਹਿਲਾਂ ਸੇਵਾ ਤੋਂ ਫ਼ਾਰਗ ਕੀਤੇ ਗਏ 20 ਕੰਡਕਟਰਾਂ ਦੀ ਸੇਵਾ ਬਹਾਲ ਕਰਨ ਅਤੇ ਵਿਭਾਗ ਵਿਚ ਖ਼ਾਲੀ ਪਈਆਂ ਅਸਾਮੀਆਂ ’ਤੇ ਨਵੀਂ ਭਰਤੀ ਕਰਨ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ ਗਿਆ। ਇਸ ਮੌਕੇ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਵਿਚ ਯੂਨੀਅਨ ਦੀ ਮਾਨਤਾ ਲਈ ਹੋਈਆਂ ਚੋਣਾਂ ’ਚ ਭਾਰਤੀ ਮਜ਼ਦੂਰ ਸੰਘ (ਬੀ.ਐਮ.ਐਸ.) ਵਲੋਂ ਜਿੱਤ ਪ੍ਰਾਪਤ ਕਰਨ ਬਾਰੇ ਵੀ ਰਾਜਪਾਲ ਨੂੰ ਜਾਣੂ ਕਰਵਾਇਆ ਗਿਆ। ਇਸ ਜਿੱਤ ’ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਯੂਨੀਅਨ ਦੇ ਆਗੂਆਂ ਅਤੇ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ। ਵਫ਼ਦ ਵਿਚ ਰਾਜੂ ਭਾਲੇ ਰਾਓ (ਮਹਾਰਾਸ਼ਟਰ), ਸੁਭਾਸ਼ ਵਰਮਾ (ਹਿਮਾਚਲ ਪ੍ਰਦੇਸ਼), ਸਤਿਆਨਾਰਾਇਣ ਸ਼ਰਮਾ (ਰਾਜਸਥਾਨ), ਸੰਜੇ ਪੰਡਿਤ (ਦਿੱਲੀ), ਜੱਸਾ ਸਿੰਘ, ਬਲਵਿੰਦਰ ਸਿੰਘ ਅਤੇ ਆਜ਼ਾਦ ਸਿੰਘ (ਚੰਡੀਗੜ੍ਹ) ਸ਼ਾਮਲ ਸਨ।